7 Views
ਨਵੀਂ ਦਿੱਲੀ, 8 ਜਨਵਰੀ: ਪੰਜਾਬ ਦੇ ਵਿੱਚ ਇੱਕ ਦੂਜੇ ਵਿਰੁੱਧ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਬਾਵਜੂਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਗਾਮੀ ਲੋਕ ਸਭਾ ਚੋਣਾਂ ਮਿਲ ਕੇ ਲੜਨ ਦੀ ਤਿਆਰੀ ਵਾਲੇ ਪਾਸੇ ਵਧ ਰਹੀਆਂ ਹਨ। ਸੀਟਾਂ ਦੀ ਵੰਡ ਨੂੰ ਲੈ ਕੇ ਦੋਨਾਂ ਪਾਰਟੀਆਂ ਦੇ ਆਗੂਆਂ ਦੀ ਨਵੀਂ ਦਿੱਲੀ ਦੇ ਵਿੱਚ ਅੱਜ ਇੱਕ ਅਹਿਮ ਮੀਟਿੰਗ ਹੋਈ ਜੋ ਕਿ ਸੀਟਾਂ ਦੇ ਬੰਟਵਾਰੇ ਨੂੰ ਲੈ ਕੇ ਪਹਿਲੀ ਰਸਮੀ ਮੀਟਿੰਗ ਕਹੀ ਜਾ ਸਕਦੀ ਹੈ।
ਕਰੀਬ ਤਿੰਨ ਘੰਟੇ ਚੱਲੀ ਇਸ ਮੀਟਿੰਗ ਦੇ ਵਿੱਚ ਦੋਨਾਂ ਹੀ ਪਾਰਟੀਆਂ ਦੇ ਸੀਨੀਅਰ ਆਗੂ ਸ਼ਾਮਿਲ ਹੋਏ, ਜਿਨਾਂ ਨੇ ਦਿੱਲੀ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਸੀਟਾਂ ਦੀ ਵੰਡ ਅਤੇ ਉਸਦੇ ਫਾਰਮੂਲੇ ਉੱਪਰ ਡੁੰਘਾਈ ਦੇ ਨਾਲ ਚਰਚਾ ਕੀਤੀ। ਸੂਤਰਾਂ ਅਨੁਸਾਰ ਇਸ ਮੀਟਿੰਗ ਦੇ ਵਿੱਚ ਦੋਨਾਂ ਧਿਰਾਂ ਵੱਲੋਂ ਆਪੋ ਆਪਣੇ ਦਾਅਵੇ ਇੱਕ ਦੂਜੇ ਦੇ ਸਾਹਮਣੇ ਰੱਖੇ ਗਏ। ਜਿਸ ਦੇ ਚਲਦੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਮੀਟਿੰਗ ਹੋ ਸਕਦੀ ਹੈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮੁਕਲ ਵਾਸਨਿਕ ਨੇ ਦੱਸਿਆ ਕਿ ਮੀਟਿੰਗ ਕਾਫੀ ਖੁਸ਼ਗਵਾਰ ਮਾਹੌਲ ਦੇ ਵਿੱਚ ਹੋਈ ਜਿਸ ਦੇ ਵਿੱਚ ਆਪ ਦੇ ਵੀ ਸੀਨੀਅਰ ਆਗੂ ਮੌਜੂਦ ਰਹੇ।
ਉਹਨਾਂ ਕਿਹਾ ਕਿ ਜਲਦੀ ਹੀ ਨਤੀਜੇ ਸਾਹਮਣੇ ਆਉਣਗੇ ਅਤੇ ਇੰਡੀਆ ਗਠਜੋੜ ਦੀਆਂ ਦੋਨੇ ਪ੍ਰਮੁੱਖ ਧਿਰਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਦੇ ਲਈ ਮਿਲ ਕੇ ਲੜਨਗੀਆਂ। ਮੀਟਿੰਗ ਦੇ ਵਿੱਚ ਕਾਂਗਰਸ ਦੀ ਅਲਾਂਇਸ ਕਮੇਟੀ ਦੇ ਆਗੂਆਂ ਤੋਂ ਇਲਾਵਾ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਵਿੰਦ ਸਿੰਘ ਲਵਲੀ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਤੇ ਸੌਰਭ ਭਾਰਦਵਾਜ ਸਹਿਤ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਸਿੰਘ ਆਦਿ ਮੌਜੂਦ ਰਹੇ।
Share the post "ਉੱਤੋਂ ਨਾਂਹ, ਅੰਦਰੋਂ ਹਾਂ! ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਤੇ ਆਪ ਦੀ ਹੋਈ ਅਹਿਮ ਮੀਟਿੰਗ"