10 Views
ਮੁਕੇਰੀਆਂ,17 ਜਨਵਰੀ: ਬੁੱਧਵਾਰ ਸਵੇਰੇ ਜਲੰਧਰ ਗੁਰਦਾਸਪੁਰ ਰੋਡ ‘ਤੇ ਮੁਕੇਰੀਆਂ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਪੁਲਿਸ ਬਸ ਸੜਕ ‘ਤੇ ਖੜੇ ਗੰਨੇ ਨਾਲ ਭਰੇ ਟਰਾਲੇ ਵਿੱਚ ਜਾ ਟਕਰਾਈ ਜਿਸ ਕਾਰਨ ਇੱਕ ਥਾਣੇਦਾਰ ਸਹਿਤ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਡੇਢ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ, ਜਿਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ ਹੈ।
ਜਲੰਧਰ ਪੀਏਪੀ ਤੋਂ ਗੁਰਦਾਸਪੁਰ ਡਿਊਟੀ ਲਈ ਲੈ ਕੇ ਜਾ ਰਹੀ ਇਸ ਪੁਲਿਸ ਬੱਸ ਵਿੱਚ ਤਿੰਨ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਸਵਾਰ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜ ਗਏ। ਇਹ ਹਾਦਸਾ ਇਨਾਂ ਭਿਆਨਕ ਸੀ ਕਿ ਗੰਨੇ ਦੇ ਭਰੇ ਟਰਾਲੇ ਵਿੱਚ ਜਾ ਵੜੀ ਇਸ ਬੱਸ ਨੂੰ ਕੱਢਣ ਲਈ ਲਗਾਤਾਰ ਜੱਦੋਜਹਿਦ ਕੀਤੀ ਜਾ ਰਹੀ ਹੈ।
ਇਹ ਹਾਦਸਾ ਅੱਜ ਸਵੇਰੇ ਕਰੀਬ 7 ਵਜੇ ਮੁਕੇਰੀਆਂ ਪੇਪਰ ਮਿੱਲ ਦੇ ਸਾਹਮਣੇ ਵਾਪਰਿਆ ਹੈ। ਇਹ ਬੱਸ ਗੁਰਦਾਸਪੁਰ ਪੁਲਿਸ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਜੋ ਕਿ ਇੱਕ ਡਿਊਟੀ ਦੇ ਲਈ ਜਲੰਧਰ ਪੀਏਪੀ ਤੋਂ ਤਿੰਨ ਦਰਜਨ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਵਾਪਸ ਆ ਰਹੀ ਸੀ। ਮੁਢਲੀ ਸੂਚਨਾ ਮੁਤਾਬਕ ਬੱਸ ਡਰਾਈਵਰ ਨੂੰ ਝਪਕੀ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Share the post "ਮੰਦਭਾਗੀ ਖਬਰ: ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਦੀ ਹੋਈ ਮੌਤ"