46 Views
ਬਠਿੰਡਾ,19 ਜਨਵਰੀ: ਬੀਤੀ ਦੇਰ ਰਾਤ ਲੁਟੇਰਿਆਂ ਵੱਲੋਂ ਪੀਆਰਟੀਸੀ ਦੀ ਬੱਸ ਦੇ ਕੰਡਕਟਰ ਕੋਲੋਂ ਹਥਿਆਰਾਂ ਦੀ ਨੋਕ ‘ਤੇ ਪੈਸਿਆਂ ਵਾਲਾ ਬੈਗ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਤ ਕਰੀਬ ਪੌਣੇ 12 ਵਜੇ ਗੋਨਿਆਣਾ ਮੰਡੀ ਦੇ ਕੋਲ ਵਾਪਰੀ ਹੈ। ਜਿਸ ਵਿਚ ਇਹ ਚਾਰ ਲੁਟੇਰੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਕੰਡਕਟਰ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਲੈ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧ ਵਿੱਚ ਬੱਸ ਦੇ ਕੰਡਕਟਰ ਜਸਦੇਵ ਸਿੰਘ ਵਲੋਂ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਜਿਸ ਵਿਚ ਉਸ ਨੇ ਦੱਸਿਆ ਕਿ ਬੱਸ ਨੰਬਰ ਪੀਬੀ 03ਬੀਐੱਚ 6872, ਜਿਸਨੂੰ ਡਰਾਈਵਰ ਧਰਮਵੀਰ ਸਿੰਘ ਚਲਾ ਰਿਹਾ ਸੀ, ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤਸਰ ਤੋਂ ਬੀਤੀ ਰਾਤ ਵੀ 8 ਵਜੇ ਬਠਿੰਡਾ ਲਈ ਚੱਲੀ ਸੀ। ਇਸ ਦੌਰਾਨ ਦੂਜੀਆਂ ਸਵਾਰੀਆਂ ਦੇ ਨਾਲ ਹੀ ਚਾਰ ਨੌਜਵਾਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਲਈ ਬੱਸ ਵਿਚ ਚੜ੍ਹੇ ਸਨ।
ਜਦ ਬੱਸ ਰਾਤ ਕਰੀਬ 12 ਵਜੇ ਗੋਨਿਆਣਾ ਮੰਡੀ ਨਜ਼ਦੀਕ ਪੁੱਜੀ ਤਾਂ ਬੱਸ ਵਿਚ ਸੱਤ-ਅੱਠ ਸਵਾਰੀਆਂ ਹੀ ਰਹਿ ਗਈਆਂ ਸਨ।ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਕਤ ਚਾਰ ਨੌਜਵਾਨ ਖੜ੍ਹੇ ਹੋ ਗਏ ਤੇ ਡਰਾਈਵਰ ਅਤੇ ਉਸਦੇ ਚਾਕੂ ਲਗਾ ਲਿਆ ਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਪੈਸਿਆਂ ਵਾਲਾ ਬੈਗ ਖੋਹ ਲਿਆ। ਜਿਸਤੋਂ ਬਾਅਦ ਬੱਸ ਨੂੰ ਰੁਕਵਾ ਕਰਾਤ ਦੇ ਹਨੇਰੇ ਵਿਚ ਭੱਜ ਗਏ। ਇਸ ਘਟਨਾ ਦੀ ਪੁਸ਼ਟੀ ਬਠਿੰਡਾ ਡਿਪੂ ਦੇ ਜਰਨਲ ਮੈਨੇਜਰ ਬਲਵਿੰਦਰ ਸਿੰਘ ਨੇ ਵੀ ਕੀਤੀ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਲੁੱਟ ਖੋਹ ਦੀ ਕਹਾਣੀ ਸ਼ੱਕੀ
ਬਠਿੰਡਾ: ਉਧਰ ਜਦ ਇਸ ਮਾਮਲੇ ਦੀ ਜਾਣਕਾਰੀ ਲੈਣ ਲਈ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਇਸ ਕਹਾਣੀ ਨੂੰ ਸ਼ੱਕੀ ਬਿਆਨ ਕਰਦਿਆਂ ਕਿਹਾ ਕਿ ਮਾਮਲੇ ਦੀ ਡੁੰਘਾਈ ਨਾਲ ਜਾਂਚ ਜਾਰੀ ਹੈ। ਪਹਿਲੀ ਨਜ਼ਰੇ ਇਹ ਲੁੱਟ ਖੋਹ ਦੀ ਕਹਾਣੀ ਨਹੀਂ ਬਲਕਿ ਆਪਸੀ ਰੰਜ਼ਿਸ਼ ਦਾ ਮਾਮਲਾ ਲੱਗਦਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਜਿਸ ਉਪਰ ਸ਼ੱਕ ਜਾ ਰਿਹਾ ਹੈ, ਉਹ ਵੀ ਪੀਆਰਟੀਸੀ ਵਿਚ ਕੰਡਕਟਰ ਰਿਹਾ ਹੈ ਤੇ ਉਸਨੂੰ ਹਟਾ ਦਿੱਤਾ ਸੀ। ਡੀਐਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Share the post "ਬਠਿੰਡਾ ਵਿੱਚ ਲੁਟੇਰਿਆਂ ਨੇ ਪੀਆਰਟੀਸੀ ਬੱਸ ਦੇ ਕੰਡਕਟਰ ਤੋਂ ਖੋਹਿਆ ਪੈਸਿਆਂ ਵਾਲਾ ਬੈਗ"