11 Views
ਨਵਜੋਤ ਸਿੱਧੂ ਦਾ ਬਿਨਾਂ ਨਾਂ ਲਏ ਦਿੱਤੀ ਚੇਤਾਵਨੀ
ਪਟਿਆਲਾ, 23 ਜਨਵਰੀ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀਆਂ ਅਲੱਗ ਤੌਰ ‘ਤੇ ਵਿੱਢੀਆਂ ਸਿਆਸੀ ਸਰਗਰਮੀਆਂ ਦੇ ਮਾਮਲੇ ਦੇ ਵਿੱਚ ਪਾਰਟੀ ਹਾਈਕਮਾਂਡ ਸਖ਼ਤ ਹੁੰਦੀ ਦਿਖਾਈ ਦੇ ਰਹੀ ਹੈ। 21 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਵਲੋਂ ਮੋਗਾ ਰੈਲੀ ਕਰਨ ਦੇ ਮਾਮਲੇ ਵਿੱਚ ਪਾਰਟੀ ਦੁਆਰਾ ਰੈਲੀ ਦੇ ਪ੍ਰਬੰਧਕਾਂ ਸਾਬਕਾ ਜ਼ਿਲ੍ਹਾ ਪ੍ਰਧਾਨ ਮਹੇਸਇੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਉਨ੍ਹਾਂ ਦੇ ਪੁੱਤਰ ਧਰਮਪਾਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਹੈ।
ਇਸ ਨੋਟਿਸ ਉਪਰ ਮਹੇਸ਼ਇੰਦਰ ਸਿੰਘ ਤੋਂ ਇਲਾਵਾ ਸਿੱਧੂ ਨੇ ਵੀ ਤਿੱਖੀ ਪ੍ਰਕਿਰਿਆ ਦਿਤੀ ਹੈ। ਦੂਜੇ ਪਾਸੇ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪਟਿਆਲਾ ਵਿਖੇ ਆਗੂਆਂ ਨਾਲ ਮੀਟਿੰਗ ਕਰਨ ਆਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮਾਮਲੇ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਸਪੱਸ਼ਟ ਐਲਾਨ ਕੀਤਾ ਹੈ ਕਿ “ਜੋਂ ਪਾਰਟੀ ਅੰਦਰ ਖਰਾਬੀ ਪੈਦਾ ਕਰੇਗਾ, ਉਹਨੂੰ ਨੋਟਿਸ ਨਹੀਂ ਜਾਊਗਾ, ਬਲਕਿ ਸਿੱਧਾ ਪਾਰਟੀ ਤੋਂ ਬਾਹਰ ਕੀਤਾ ਜਾਵੇਗਾ। ” ਪ੍ਰਧਾਨ ਨੇ ਕਿਹਾ ਕਿ ਪਾਰਟੀ ਤੋਂ ਕੋਈ ਵੱਡਾ ਨਹੀਂ, ਅਗਰ ਮੈਂ ਕੁਝ ਗਲਤ ਕਰਾਂਗਾ ਤਾਂ ਮੇਰੇ ਖਿਲਾਫ ਕਾਰਵਾਈ ਹੋਵੇਗੀ।
ਵੜਿੰਗ ਨੇ ਅੱਗੇ ਕਿਹਾ ਕਿ ਪਾਰਟੀ ਪਲੇਟਫਾਰਮ ‘ਤੇ ਰਹਿੰਦਿਆਂ ਕੋਈ ਅਲੱਗ ਤੋਂ ਆਪਣੀ ਗਤੀਵਿਧੀ ਨਹੀਂ ਚਲਾ ਸਕਦਾ ਤੇ ਜੇਕਰ ਕੋਈ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਉਹ ਬਿਨਾਂ ਪੰਜੇ ਦਾ ਨਿਸ਼ਾਨ ਅਤੇ ਬਿਨਾਂ ਕਾਂਗਰਸ ਦੇ ਪਲੈਟਫਾਰਮ ਤੋਂ ਚਲਾ ਸਕਦਾ ਹੈ। ਸੂਬਾ ਪ੍ਰਧਾਨ ਨੇ ਕੌਮੀ ਪ੍ਰਧਾਨ ਖੜਗੇ ਸਾਹਿਬ ਨੇ ਸਪੱਸ਼ਟ ਆਦੇਸ਼ ਦਿੱਤਾ ਹੈ ਕਿ ਜਿੰਨਾ ਚਿਰ ਕੋਈ ਬੰਦਾ ਕਾਂਗਰਸ ਵਿੱਚ ਹੈ, ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ। ਜਿਸਦੇ ਚੱਲਦੇ ਜਿਸਨੇ ਆਪਣੇ ਨਿੱਜੀ ਵਿਚਾਰ ਰੱਖਣੇ ਆ, ਉਹ ਇਕੱਲਾ ਮੰਚ ‘ਤੇ ਚੜ ਕੇ ਆਪਦੇ ਨਿੱਜੀ ਵਿਚਾਰ ਰੱਖ ਸਕਦਾ ਹੈ। ਐਮਪੀ ਪਰਨੀਤ ਕੌਰ ਦੇ ਬਾਰੇ ਟਿੱਪਣੀ ਕਰਦਿਆਂ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਸਸਪੈਂਡ ਕੀਤਾ ਹੋਇਆ ਹੈ ਤੇ ਅਗਲੀਆਂ ਚੋਣਾਂ ਵਿਚ ਪਾਰਟੀ ਉਨ੍ਹਾਂ ਨੂੰ ਆਪਣਾ ਉਮੀਦਵਾਰ ਨਹੀਂ ਬਣਾ ਰਿਹਾ।
Share the post "ਜਿਹੜਾ ਵੀ ਪਾਰਟੀ ਚ ਖਰਾਬੀ ਕਰੇਗਾ, ਉਸਨੂੰ ਨੋਟਿਸ ਨਹੀਂ ਸਿੱਧਾ ਬਾਹਰ ਕੱਢਾਂਗੇ: ਰਾਜਾ ਵੜਿੰਗ"