26 Views
ਭਾਜਪਾਈ ਮੇਅਰ ਵੱਲੋਂ ਅਸਤੀਫ਼ਾ, ਆਪ ਦੇ ਤਿੰਨ ਕੌਂਸਲਰ ਭਾਜਪਾ ਵਿੱਚ ਹੋਏ ਸ਼ਾਮਲ
ਹਾਊਸ ਵਿੱਚ ਭਾਜਪਾ ਨੰਬਰਾਂ ਦੀ ਖੇਡ ਵਿੱਚ ਹੋਈ ਅੱਗੇ
ਚੰਡੀਗੜ੍ਹ, 19 ਫ਼ਰਵਰੀ (ਅਸ਼ੀਸ਼ ਮਿੱਤਲ): ਸਿਆਸੀ ਦਾਅ ਪੇਚਾਂ ਲਈ ਜਾਣੀ ਜਾਂਦੀ ਭਾਰਤੀ ਜਨਤਾ ਪਾਰਟੀ ਨੇ ਅੱਜ ਅਚਾਨਕ ਇੱਕ ਵੱਡਾ ਦਾਅ ਖੇਡਦਿਆਂ ਚੰਡੀਗੜ੍ਹ ਮੇਅਰ ਦੀ ਹੋਈ ਚੋਣ ਵਿੱਚ ਜੇਤੂ ਰਹੇ ਮਨੋਜ ਸੋਨਕਰ ਤੋ ਅਸਤੀਫਾ ਦਿਵਾ ਦਿੱਤਾ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਨੂੰ ਵੀ ਭਾਜਪਾ ਵਿੱਚ ਸ਼ਾਮਿਲ ਕਰਵਾ ਲਿਆ ਹੈ। ਜਿਸ ਤੋਂ ਬਾਅਦ ਚੰਡੀਗੜ੍ਹ ਨਿਗਮ ਹਾਊਸ ਵਿੱਚ ਨੰਬਰਾਂ ਦੀ ਖੇਡ ‘ਚ ਭਾਜਪਾ ਹੁਣ ਆਪ ਅਤੇ ਕਾਂਗਰਸ ਦੇ ਸਾਂਝੇ ਗੱਠਜੋੜ ਤੋਂ ਅੱਗੇ ਹੋ ਗਈ ਹੈ। ਇਸ ਮਾਮਲੇ ਵਿੱਚ ਅੱਜ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ ਅਤੇ ਪਿਛਲੀ ਸੁਣਵਾਈ ਦੌਰਾਨ ਦੇਸ਼ ਦੇ ਚੀਫ਼ ਜਸਟਿਸ ਵੱਲੋਂ ਇਸ ਚੋਣ ਨੂੰ ਲੈ ਕੇ ਸਖਤ ਟਿੱਪਣੀਆਂ ਕੀਤੀਆਂ ਗਈਆਂ ਸਨ।
ਜਿਸਦੇ ਚੱਲਦੇ ਭਾਜਪਾ ਵੱਲੋਂ ਬਣਾਏ ਗਏ ਮੇਅਰ ਨੂੰ ਝਟਕਾ ਲੱਗਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ। ਪ੍ਰੰਤੂ ਇਸ ਤੋਂ ਪਹਿਲਾਂ ਹੀ ਭਾਜਪਾ ਨੇ ਨਹਿਲੇ ਦੇ ਦਹਿਲਾ ਮਾਰ ਦਿੱਤਾ ਹੈ। ਅੱਜ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਵਿੱਚ ਦੋ ਮਹਿਲਾਵਾਂ ਨੇਹਾ ਅਤੇ ਪੂਨਮ ਤੋਂ ਇਲਾਵਾ ਕੌਂਸਲਰ ਗੁਰਚਰਨਜੀਤ ਸਿੰਘ ਸ਼ਾਮਿਲ ਹੈ। ਚੰਡੀਗੜ੍ਹ ਨਗਰ ਨਿਗਮ ਦਾ ਹਾਊਸ 35 ਕੌਂਸਲਰਾਂ ਦਾ ਬਣਿਆ ਹੋਇਆ ਹੈ। ਜਿਸ ਦੇ ਵਿੱਚ ਭਾਜਪਾ ਕੋਲ ਪਹਿਲਾਂ ਹੀ ਸਭ ਤੋਂ ਵੱਧ 14 ਕੌਂਸਲਰ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਕੋਲ 13 ਅਤੇ ਕਾਂਗਰਸ ਕੋਲ 7 ਕੌਂਸਲਰ ਹਨ। ਜਦੋਂ ਕਿ ਚੰਡੀਗੜ੍ਹ ਦੀ ਐਮਪੀ ਨੂੰ ਵੀ ਮੇਅਰ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਹੈ। ਇਸਤੋਂ ਇਲਾਵਾ ਅਕਾਲੀ ਦਲ ਦਾ ਵੀ 1 ਕੌਂਸਲਰ ਹੈ, ਜੋਂ ਪਹਿਲਾਂ ਵੀ ਭਾਜਪਾ ਦੇ ਹੱਕ ਵਿੱਚ ਭੁਗਤਿਆ ਸੀ।
ਮੌਜੂਦਾ ਸਮੇਂ ਚੰਡੀਗੜ੍ਹ ਦੀ ਐਮਪੀ ਭਾਜਪਾ ਨਾਲ ਸੰਬੰਧਿਤ ਬੀਬੀ ਕਿਰਨ ਖੈਰ ਹੈ। ਹੁਣ ਬਦਲੇ ਹੋਏ ਸਿਆਸੀ ਹਾਲਾਤਾਂ ਵਿੱਚ ਐਮਪੀ ਸਹਿਤ ਭਾਜਪਾ ਕੋਲ ਕੁੱਲ 18 ਕੌਂਸਲਰ ਹੋ ਚੁੱਕੇ ਹਨ ਜੋ ਕਿ ਮੇਅਰ ਚੋਣ ਲਈ ਕਾਫੀ ਹਨ। ਜਦੋਂ ਕਿ ਹੁਣ ਆਮ ਆਦਮੀ ਪਾਰਟੀ ਕੋਲ 10 ਅਤੇ ਕਾਂਗਰਸ ਕੋਲ 7 ਕੌਂਸਲਰ ਰਹਿ ਗਏ ਹਨ। ਦੱਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਉਪਰ 30 ਜਨਵਰੀ ਨੂੰ ਹੋਈ ਚੋਣ ਵਿੱਚ ਕਾਫੀ ਹੰਗਾਮਾ ਹੋਇਆ ਸੀ ਅਤੇ ਚੋਣ ਅਧਿਕਾਰੀ ਅਨਿਲ ਮਸੀਹ ਉੱਪਰ ਕਾਂਗਰਸ ਅਤੇ ਆਪ ਦੇ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਦੇ ਹੱਕ ਵਿੱਚ ਪਈਆਂ ਵੋਟਾਂ ਨੂੰ ਜਾਣਬੁੱਝ ਕੇ ਰੱਦ ਕਰਨ ਦੇ ਦੋਸ਼ ਲੱਗੇ ਸਨ। ਇਹ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਸੀ ਜਿਸ ਤੋਂ ਬਾਅਦ ਮੇਅਰ ਦੇ ਦਾਅਵੇਦਾਰ ਸੁਪਰੀਮ ਕੋਰਟ ਪੁੱਜੇ ਸਨ।
Share the post "ਮੇਅਰ ਦੀ ਚੋਣ: ਸੁਪਰੀਮ ਕੋਰਟ ‘ਚ ਸੁਣਵਾਈ ਤੋਂ ਪਹਿਲਾਂ ਚੰਡੀਗੜ੍ਹ ‘ਚ ਵੱਡਾ ਸਿਆਸੀ ਡਰਾਮਾ"