ਪਹਿਲਾਂ ਹੀ ਚਾਰ ਟੋਲ ਪਲਾਜਿਆਂ ’ਤੇ ਚੱਲ ਰਹੇ ਧਰਨਿਆਂ ਵਿਚ ਹੋਣਗੇ ਸ਼ਾਮਲ
ਬਠਿੰਡਾ, 20 ਫਰਵਰੀ : ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਮੁਕੰਮਲ ਕਰਜ਼ ਮੁਕਤੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ (ਗੈਰ-ਰਾਜਨੀਤਿਕ) ਵੱਲੋਂ ਵਿੱਢੇ ਸੰਘਰਸ਼ ਦੌਰਾਨ ਕਿਸਾਨ ਜਥੇਬੰਦੀਆਂ ਦੁਆਰਾ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਅਤੇ ਟੋਲ ਪਲਾਜ਼ੇ ਮੁਕਤ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸਦੇ ਤਹਿਤ 20 ਫ਼ਰਵਰੀ ਤੋਂ 22 ਫ਼ਰਵਰੀ ਤੱਕ ਪੂਰੇ ਪੰਜਾਬ ਵਿਚ ਇਹ ਧਰਨੇ ਦਿੱਤੇ ਜਾਣੇ ਹਨ। ਪ੍ਰੰਤੂ ਇਸ ਪ੍ਰੋਗਰਾਮ ਤਹਿਤ ਕਿਸਾਨ ਜਥੇਬੰਦੀਆਂ ਨੂੰ ਬਠਿੰਡਾ ਜ਼ਿਲ੍ਹੇ ਵਿਚ ਕੋਈ ਭਾਜਪਾ ਆਗੂ ਹੀ ਨਹੀਂ ਮਿਲਿਆ, ਜਿਸਦੇ ਵਿਰੁਧ ਧਰਨਾ ਦਿੱਤਾ ਜਾ ਸਕੇ।
ਪੰਜਾਬ ਭਾਜਪਾ ਲਈ ਨਵੀਂ ਬਿਪਤਾ: ਹੁਣ ਭਾਜਪਾ ਦੇ ਸਮੂਹ ਆਗੂਆਂ ਦੇ ਘਰਾਂ ਅੱਗੇ ਲੱਗਣਗੇ ਧਰਨੇ
ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਪਹਿਲਾਂ ਹੀ ਭਾਜਪਾ ਆਗੂਆਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਕੇਵਲ ਢਿੱਲੋ ਦੇ ਘਰਾਂ ਅੱਗੇ ਧਰਨਿਆ ਸਹਿਤ ਪੰਜਾਬ ਦੇ ਹੋਰਨਾਂ ਟੋਲ ਪਲਾਜ਼ਿਆਂ ਤੋਂ ਇਲਾਵਾ ਬਠਿੰਡਾ ਜ਼ਿਲੇ੍ ਵਿਚ ਚਾਰ ਟੋਲ ਪਲਾਜ਼ਿਆਂ ’ਤੇ ਧਰਨਾ ਦਿੱਤਾ ਜਾ ਰਿਹਾ। ਜਿਸਤੋਂ ਬਾਅਦ ਹੁਣ ਇੰਨ੍ਹਾਂ ਚਾਰਾਂ ਟੋਲ-ਪਲਾਜ਼ਿਆਂ ਨੂੰ ਹੁਣ ਅੱਧੋ-ਅੱਧੀ ਕਰ ਲਿਆ ਗਿਆ ਹੈ। ਜਿਸਦੇ ਚੱਲਦੇ ਲਹਿਰਾ ਬੇਗਾ ਅਤੇ ਬੱਲੂਆਣਾ ਟੋਲ ਪਲਾਜ਼ਿਆਂ ’ਤੇ ਪਹਿਲਾਂ ਦੀ ਤਰ੍ਹਾਂ ਉਗਰਾਹਾ ਧੜੇ ਹੀ ਕਾਇਮ ਰਹੇਗਾ, ਜਦੋਂਕਿ ਜੀਦਾ ਅਤੇ ਸੇਖਪੁਰਾ ਟੋਲ ਪਲਾਜ਼ੇ ਉਪਰ ਹੁਣ ਸੰਯੁਕਤ ਕਿਸਾਨ ਮੋਰਚਾ ਦੇ ਕਾਰਕੁੰਨ ਅਪਣਾ ਝੰਡਾ ਲਹਿਰਾਉਣਗੇ।