ਆਂਗਣਵਾੜੀ ਯੂਨੀਅਨ ਦੇ ਆਗੂਆਂ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨਾਲ ਮੀਟਿੰਗ ਰਹੀ ਬੇਸਿੱਟਾ

0
13

ਸੁਖਜਿੰਦਰ ਮਾਨ
ਚੰਡੀਗੜ੍ਹ, 6 ਅਗਸਤ- ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਪੰਜਾਬ ਸਰਕਾਰ ਤੇ ਦੋਸ ਲਗਾਇਆ ਹੈ ਕਿ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਨਾਲ ਕੋਝਾ ਮਜਾਕ ਕਰ ਰਹੀ ਹੈ ਤੇ ਉਹਨਾਂ ਦੀ ਕੋਈ ਵੀ ਮੰਗ ਮੰਨੀ ਨਹੀਂ ਜਾ ਰਹੀ । ਜਿਸ ਕਰਕੇ ਜਥੇਬੰਦੀ ਵੱਲੋਂ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਾਉਣ ਲਈ ਜੋ ਪ੍ਰੋਗਰਾਮ 7 ਅਗਸਤ ਤੋਂ ਕਾਂਗਰਸੀ ਮੰਤਰੀਆਂ ਦੇ ਘਰਾਂ ਦੇ ਘਿਰਾਓ ਕਰਨ ਲਈ ਉਲੀਕਿਆ ਹੋਇਆ ਹੈ , ਉਹ ਜਾਰੀ ਰਹੇਗਾ । ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਸੂਬਾ ਦਫਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ ਨੇ ਅੱਜ ਇਥੇ ਦੱਸਿਆ ਕਿ ਚੰਡੀਗੜ੍ਹ ਵਿਖੇ ਯੂਨੀਅਨ ਦੇ ਵਫਦ ਨਾਲ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਅਰੁਣਾ ਚੌਧਰੀ ਨੇ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਮੀਟਿੰਗ ਕੀਤੀ ਸੀ । ਪਰ ਇਹ ਮੀਟਿੰਗ ਬਿਲਕੁਲ ਬੇਸਿੱਟਾ ਰਹੀ ਤੇ ਕੋਈ ਵੀ ਮੰਗ ਸਿਰੇ ਨਹੀਂ ਚੜੀ । ਇਸ ਮੀਟਿੰਗ ਵਿੱਚ ਮੰਤਰੀ ਤੋਂ ਇਲਾਵਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ , ਵਿਭਾਗ ਦੇ ਡਾਇਰੈਕਟਰ ਵਿਪਲ ਉਜਵਲ , ਪਿ੍ਰੰਸੀਪਲ ਸਕੱਤਰ ਅਨੁਰਾਗ ਵਰਮਾ ਤੇ ਵਿੱਤ ਸਕੱਤਰ ਸਿਨਹਾ ਆਦਿ ਅਧਿਕਾਰੀ ਮੌਜੂਦ ਸਨ । ਪਰ ਸਰਕਾਰ ਦੇ ਨੁਮਾਇੰਦਿਆਂ ਦੀ ਗੱਲ ਬੜੀ ਹਾਸੋਹੀਣੀ ਸੀ ਕਿ ਵਰਕਰਾਂ ਤੇ ਹੈਲਪਰਾਂ ਦੇ ਜਿਹੜੇ ਪੈਸੇ ਪਿਛਲੇਂ ਤਿੰਨ ਸਾਲਾਂ ਤੋਂ ਪੰਜਾਬ ਸਰਕਾਰ ਕ੍ਰਮਵਾਰ 600 ਰੁਪਏ ਤੇ 300 ਰੁਪਏ ਨੱਪੀ ਬੈਠੀ ਹੈ , ਉਹਨਾਂ ਪੈਸਿਆਂ ਨੂੰ ਵਾਪਸ ਮੋੜਣ ਦਾ ਐਲਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 15 ਅਗਸਤ ਨੂੰ ਕਰਨਗੇ , ਪਰ ਵਰਕਰਾਂ ਤੇ ਹੈਲਪਰਾਂ ਨੂੰ ਏਰੀਅਰ ਨਹੀਂ ਦਿੱਤਾ ਜਾਵੇਗਾ । ਹਰਗੋਬਿੰਦ ਕੌਰ ਨੇ ਕਿਹਾ ਕਿ ਜਥੇਬੰਦੀ ਦੀ ਤਾਂ ਮੰਗ ਹੈ ਕਿ ਪੰਜਾਬ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਦਿੱਤਾ ਜਾਵੇ , ਪਰ ਪੰਜਾਬ ਸਰਕਾਰ ਕੋਝਾ ਮਜਾਕ ਕਰ ਰਹੀ ਹੈ । ਹਰਿਆਣੇ ਵਿੱਚ ਵਰਕਰਾਂ ਨੂੰ 12 ਹਜਾਰ ਰੁਪਏ ਮਾਣ ਭੱਤਾ ਮਿਲ ਰਿਹਾ ਹੈ ।

LEAVE A REPLY

Please enter your comment!
Please enter your name here