ਪੰਜਾਬ ਬਚਾਓ ਯਾਤਰਾ ਨੂੰ ਲੰਬੀ ਵਿਚ ਮਿਲਿਆ ਵੱਡਾ ਹੁੰਗਾਰਾ
ਲੰਬੀ/ਬਠਿੰਡਾ, 16 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦਾ ਪੰਜਾਬ ਵਿਚ ਗੈਰ ਰਸਮੀ ਗਠਜੋੜ ਹੈ ਤੇ ਇਹ ਅਸਿੱਧੀ ਜੰਗ ਲੜ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਪੱਬਾਂ ਭਾਰ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਵੋਟਾਂ ਪਾਉਣ ਤਾਂ ਜੋ ਸਰਵ ਪੱਖੀ ਵਿਕਾਸ, ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਯੁੱਗ ਵਾਪਸ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਚਲ ਰਹੀ ਪੰਜਾਬ ਬਚਾਓ ਯਾਤਰਾ ਦੇ ਤਹਿਤ ਹਰ ਪੜਾਅ ’ਤੇ ਯਾਤਰਾ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਹ ਯਾਤਰਾ ਅੱਜ ਲੰਬੀ ਅਤੇ ਬਠਿੰਡਾ ਦਿਹਾਤੀ ਹਲਕਿਆਂ ਵਿਚ ਪੁੱਜੀ, ਜਿੱਥੇ ਅਕਾਲੀ ਦਲ ਦੇ ਪ੍ਰਧਾਨ ਦਾ ਲੋਕਾਂ ਨੇ ਫੁੱਲ ਪੱਤੀਆਂ ਨਾਲ ਸਵਾਗਤ ਕੀਤਾ।
ਚੋਣਾਂ ਤੋਂ ਪਹਿਲਾਂ 10 ਮਾਲ ਅਫ਼ਸਰਾਂ, 26 ਤਹਿਸੀਲਦਾਰਾਂ ਤੇ 74 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਫਲਸਫੇ ਅਨੁਸਾਰ ਸਭ ਨੂੰ ਨਾਲ ਲੈ ਕੇ ਵਿਕਾਸ ਦੇ ਰਾਹ ’ਤੇ ਚੱਲਣ ਲਈ ਦ੍ਰਿੜ੍ਹ ਸੰਕਲਪ ਹੈ। ਉਹਨਾਂ ਕਿਹਾ ਕਿ ਪੰਜਾਬੀ ਹੁਣ ਖੇਤਰੀ ਪਾਰਟੀ ਦੀ ਲੋੜ ਮਹਿਸੂਸ ਕਰ ਰਹੇ ਹਨ ਜੋ ਉਹਨਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੋਵੇ ਕਿਉਂਕਿ ਲੋਕਾਂ ਨੇ ਵੇਖ ਲਿਆ ਹੈ ਕਿ ਦਿੱਲੀ ਦੇ ਲੁਟੇਰਿਆਂ ਨੇ ਆਪਣੇ ਸਿਆਸੀ ਟੀਚਿਆਂ ਦੀ ਪੂਰੀ ਵਾਸਤੇ ਸੂਬੇ ਤੋਂ ਇਸਦਾ ਸਰਮਾਇਆ ਲੁੱਟ ਲਿਆ ਹੈ। ਸ: ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਦੋਵਾਂ ਨੇ ਸੂਬੇ ਨੂੰ ਲੁੱਟਿਆ ਹੈ ਅਤੇ ਸਮਾਜ ਦੇ ਹਰ ਵਰਗ ਨਾਲ ਵਿਤਕਰਾ ਕੀਤਾ ਹੈ। ਉਹਨਾਂ ਕਿਹਾ ਕਿ ਬਜਾਏ ਲੋਕਾਂ ਲਈ ਕੁਝ ਕਰਨ ਦੇ, ਦੋਵਾਂ ਸਰਕਾਰਾਂ ਨੇ ਗਰੀਬਾਂ ਲਈ ਸਮਾਜ ਭਲਾਈ ਲਾਭ ਵਾਪਸ ਲੈ ਕੇ ਗਰੀਬ ਵਰਗ ਨਾਲ ਧੱਕਾ ਕੀਤਾ ਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਹਨਾਂ ਦੇ ਰਾਜਕਾਲ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ।
Big News: ਬਰਗਾੜੀ ਬੇਅਦਬੀ ਕਾਂਡ: ਡੇਰਾ ਮੁਖੀ ਦੇ ਨਾਲ ਹਨੀਪ੍ਰੀਤ ਦਾ ਨਾਮ ਸਾਹਮਣੇ ਆਇਆ
ਲੰਬੀ ਹਲਕੇ ਨਾਲ ਆਪਣੀ ਪੁਰਾਣੀ ਤੇ ਗੂੜੀ ਸਾਂਝ ਦਾ ਜ਼ਿਕਰ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਇਸ ਹਲਕੇ ਨੂੰ ਧੂੜ ਫੱਕਣ ਵਾਲੇ ਹਲਕੇ ਤੋਂ ਆਧੁਨਿਕ ਹਲਕੇ ਵਿਚ ਤਬਦੀਲ ਹੁੰਦਿਆਂ ਵੇਖਿਆ ਹੈ ਕਿ ਜਿਸ ਵਿਚ ਸਭ ਆਧੁਨਿਕ ਸਹੂਲਤਾਂ ਹਨ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਇਸ ਹਲਕੇ ਵਿਚ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਵੱਡੀ ਪੱਧਰ ’ਤੇ ਵਿਕਾਸ ਹੋਇਆ ਤੇ ਇਥੇ ਏਮਜ਼ ਬਠਿੰਡਾ ਤੇ ਕੇਂਦਰੀ ਯੂਨੀਵਰਸਿਟੀ ਵੀ ਸਥਾਪਿਤ ਹੋਈ। ਉਹਨਾਂ ਕਿਹਾ ਕਿ ਅਕਾਲੀ ਦਲ ਸੱਤਾ ਵਿਚ ਪਰਤਣ ’ਤੇ ਇਹਨਾਂ ਸਹੂਲਤਾਂ ਦਾ ਹੋਰ ਵਿਸਥਾਰ ਕਰਨ ਵਾਸਤੇ ਵਚਨਬੱਧ ਹੈ।ਲੰਬੀ ਹਲਕੇ ਵਿਚ ਉਨ੍ਹਾਂ ਨਾਲ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਪ੍ਰੀਤਇੰਦਰ ਸਿੰਘ ਸੰਮੇਵਾਲੀ ਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਵਜਿੰਦਰ ਸਿੰਘ ਮਾਨ ਅਤੇ ਬਠਿੰਡਾ ਦਿਹਾਤੀ ਹਲਕੇ ਵਿਚ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕਮਲਦੀਪ ਸਿੰਘ ਵੀ ਮੌਜੂਦ ਸਨ।