ਸੁਖਜਿੰਦਰ ਮਾਨ
ਬਠਿੰਡਾ , 7 ਅਪ੍ਰੈਲ: ਕਿਸੇ ਸਮੇਂ ਮਰਹੂੁਮ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਮੋਢਿਆ ’ਤੇ ਸਵਾਰ ਹੋ ਕੇ ਪੰਜਾਬ ਦੀ ਰਾਜਨੀਤੀ ਵਿਚ ਪੈਰ ਜਮਾਉਣ ਵਾਲੀ ਭਾਰਤੀ ਜਨਤਾ ਪਾਰਟੀ ਹੁਣ ਬਾਦਲ ਪ੍ਰਵਾਰ ਨੂੰ ਹੀ ਸਿਆਸੀ ਤੌਰ ’ਤੇ ਹਾਸ਼ੀਏ ਉੱਪਰ ਧੱਕਣ ਦੀ ਨੀਤੀ ’ਤੇ ਚੱਲਦੀ ਦਿਖ਼ਾਈ ਦੇ ਰਹੀ ਹੈ। ਬੇਸ਼ੱਕ ਉੱਪਰੋਂ ਇਸ ਗੱਲ ਦਾ ਜਵਾਬ ਨਾਂ ਵਿਚ ਹੀ ਆਉਂਦਾ ਦਿਖ਼ਾਈ ਦੇਵੇਗਾ ਪ੍ਰੰਤੂ ਸਿਆਸੀ ਮਾਹਰਾਂ ਮੁਤਾਬਕ ਆਉਣ ਵਾਲੇ ਸਮੇਂ ਪੰਜਾਬ ਦੀ ਸਿਆਸਤ ਵਿਚ ਕੁੱਝ ਵੱਡਾ ਕਰਨ ਦੀ ਇੱਛਾ ਪਾਲ ਰਹੀ ਭਾਜਪਾ ਇਸੇ ਰਾਹ ਉੱਪਰ ਚੱਲਦੀ ਦਿਖ਼ਾਈ ਦੇ ਰਹੀ ਹੈ। ਜਿਸ ਤਰ੍ਹਾਂ ਬੀਮਾਰੀ ਤੋਂ ਪਹਿਲਾਂ ਮਨੁੱਖ ਦੇ ਸਰੀਰ ਵਿਚ ਲੱਛਣ ਆਉਂਦੇ ਹਨ, ਉਸੇ ਤਰ੍ਹਾਂ ਸਿਆਸਤ ਦੇ ਲੱਛਣਾਂ ਨੂੰ ਪੜਣ ਵਿਚ ਮਾਹਰਾਂ ਦਾ ਮੰਨਣਾ ਹੈ ਕਿ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਵੱਲੋਂ ਅੱਧਵਾਟੇ ਛੱਡ ਦੇਣ ਕਾਰਨ ਅੰਦਰਖ਼ਾਤੇ ਕਾਫ਼ੀ ਨਰਾਜ਼ ਦਿਖ਼ਾਈ ਦੇ ਰਹੀ ‘ਮੋਦੀ-ਸ਼ਾਹ’ ਦੀ ਜੋੜੀ ਹੁਣ ਇਸ ਪ੍ਰਵਾਰ ਨੂੰ ਹੀ ਪੰਜਾਬ ਦੀ ਸਿਆਸਤ ਵਿਚੋਂ ਮਨਫ਼ੀ ਕਰਨ ਲਈ ਪੱੱਬਾਂ ਭਾਰ ਹੋਈ ਫ਼ਿਰਦੀ ਹੈ।
ਜਲੰਧਰ: ਸੁਸੀਲ ਰਿੰਕੂ ਦੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ ਕਮਾਂਡ
ਹਾਲਾਂਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਮੀਡੀਆ ਵਿਚ ਲਗਾਤਾਰ ਅਕਾਲੀ-ਭਾਜਪਾ ਵਿਚਕਾਰ ਗਠਜੋੜ ਹੋਣ ਦੀਆਂ ਖ਼ਬਰਾਂ ਪ੍ਰਕਾਸ਼ਤ ਹੁੰਦੀਆਂ ਰਹੀਆਂ ਪ੍ਰੰਤੂ ਦੇਸ ’ਚ ਕੇਂਦਰੀ ਸਿਆਸਤ ਦੀ ਕੱਟੜ ਹਾਮੀ ਭਾਜਪਾ ਵੱਲੋਂ ਬੇਸ਼ੱਕ ਮੁੜ ਇਕੱਠੇ ਹੋਣ ਦੀਆਂ ਗੱਲਾਂ ਕਰਕੇ ਅਕਾਲੀਆਂ ਨੂੰ ਬਸਪਾ ਤੋਂ ਵੀ ਦੂਰ ਕਰ ਦਿੱਤਾ ਪ੍ਰੰਤੂ ਬਾਅਦ ਵਿਚ ਖੁਦ ਹੀ ਕਿਨਾਰਾ ਕਰ ਲਿਆ। ਸਿਆਸੀ ਮਾਹਰਾਂ ਮੁਤਾਬਕ ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਦੀ ਚਾਬੀ ਵੀ ਮੋਦੀ-ਸ਼ਾਹ ਜੋੜੀ ਦੇ ਹੱਥ ਵਿਚ ਹੈ। ਜਿਸ ਤਰ੍ਹਾਂ ਇਸ ਜੋੜੀ ਵੱਲੋਂ ਬਾਦਲ ਪ੍ਰਵਾਰ ਦੀ ਰਾਜਨੀਤੀ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਵਿਚ ਅਕਾਲੀ ਦਲ ਨੂੰ ਤੋੜਣ ਲਈ ਜਦੋ-ਜਹਿਦ ਕੀਤੀ ਜਾ ਰਹੀ ਹੈ, ਉਸਤੋਂ ਆਮ ਬੰਦਾ ਵੀ ਇਸ ਗੱਲ ਨੂੰ ਸਮਝ ਸਕਦਾ ਹੈ ਕਿ ਭਾਜਪਾ ਦੇ ਉਪਰਲੇ ਆਗੂ ਹਰਸਿਮਰਤ ਕੌਰ ਬਾਦਲ ਨੂੰ ਚੌਥੀ ਵਾਰ ਲੋਕ ਸਭਾ ਵਿਚ ਪੁੱਜਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸੂਚਨਾ ਮੁਤਾਬਕ ਸਭ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਦੇ ਮੁਤਾਬਕ ਉਸਦੇ ਦਿਊਰ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਲੜਣ ਦੀ ਥਾਪੀ ਦਿੱਤੀ ਗਈ ਪ੍ਰੰਤੂ ਉਨ੍ਹਾਂ ਨੂੰ ਅਚਾਨਕ ਦਿਲ ਦੀ ਬੀਮਾਰੀ ਨੇ ਘੇਰ ਲਿਆ।
ਕਾਂਗਰਸ ਮੰਡੀ ਹਲਕੇ ’ਚੋਂ ਕੰਗਨਾ ਰਣੌਤ ਵਿਰੁਧ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਨੂੰ ਉਤਾਰੇਗੀ ਮੈਦਾਨ ਚ!
ਇਸਦੇ ਬਾਅਦ ਭਾਜਪਾ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਜਮਾਤੀ ਰਹੇ ਤੇ ਬਠਿੰਡਾ ਲੋਕ ਸਭਾ ਹਲਕਿਆਂ ਦੇ ਕਈ ਵਿਧਾਨ ਸਭਾ ਹਲਕਿਆਂ ਦੀ ਅਕਾਲੀ ਵੋਟ ਬੈਂਕ ਵਿਚ ਚੰਗੀ ਪਕੜ ਰੱਖਣ ਵਾਲੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਜਗਦੀਪ ਸਿੰਘ ਨਕਈ ਨੂੰ ਤਿਆਰ ਰਹਿਣ ਲਈ ਕਿਹਾ ਗਿਆ। ਇਸਦੇ ਨਾਲ ਹੀ ਹੁਣ ਸਿਆਸੀ ਹਲਕਿਆਂ ਵਿਚ ਪਿਛਲੇ ਕੁੱਝ ਦਿਨਾਂ ਤੋਂ ਬਾਦਲ ਪ੍ਰਵਾਰ ਦੇ ਨਜਦੀਕੀ ਤੇ ਮਾਲਵੇ ਦੇ ਧਾਕੜ ਅਕਾਲੀ ਆਗੂ ਮੰਨੇ ਜਾਂਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਦੇ ਅਚਾਨਕ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਹਾਲਾਂਕਿ ਉਹ ਮੋੜ ਹਲਕੇ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਦੇ ਪ੍ਰੋਗਰਾਮਾਂ ਵਿਚ ਵੀ ਵਿਚਰਦੇ ਆ ਰਹੇ ਹਨ, ਜਿਸ ਕਾਰਨ ਸਿਆਸੀ ਭੰਬਲਭੂਸਾ ਬਰਕਰਾਰ ਹੈ। ਚਰਚਾ ਮੁਤਾਬਕ ਜੇਕਰ ਮਲੂਕਾ ਪ੍ਰਵਾਰ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਮੈਦਾਨ ਵਿਚ ਆ ਜਾਂਦਾ ਹੈ ਤਾਂ ਬੀਬੀ ਬਾਦਲ ਨੂੰ ਵੱਡੀਆਂ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ ਕਿਉਂਕਿ ਬਠਿੰਡਾ ਜ਼ਿਲ੍ਹੇ ਦੇ ਕਈ ਵਿਧਾਨ ਸਭਾ ਹਲਕਿਆਂ ਵਿਚ ਸਿਕੰਦਰ ਸਿੰਘ ਮਲੂਕਾ ਦੀ ਅਕਾਲੀ ਹਲਕਿਆਂ ਵਿਚ ਚੰਗੀ ਪਕੜ ਹੈ।
ਹਰਿਆਣਾ ਦੇ ਮੌਜੂਦਾ ਮੁੱਖ ਮੰਤਰੀ ਅਤੇ ਸਾਬਕਾ CM ਦਾ ਕਿਸਾਨਾਂ ਤੇ ਵਿਵਾਦਤ ਬਿਆਨ
ਇਸਤੋਂ ਇਲਾਵਾ ਜੇਕਰ ਉਨ੍ਹਾਂ ਦੇ ਪ੍ਰਵਾਰ ਦੇ ਭਾਜਪਾ ਵਿਚ ਰੁਲੇਵੇ ਵਾਲੀ ਗੱਲ ਮਹਿਜ਼ ਅਫ਼ਵਾਹ ਹੀ ਨਿਕਲਦੀ ਹੈ ਤਾਂ ਵੀ ਭਾਜਪਾ ਵੱਲੋਂ ਜਗਦੀਪ ਸਿੰਘ ਨਕਈ ਜਾਂ ਫ਼ਿਰ ਲੰਮਾ ਸਮਾਂ ਅਕਾਲੀ ਦਲ ਵਿਚ ਰਹਿਣ ਵਾਲੇ ਸਰੂਪ ਚੰਦ ਸਿੰਗਲਾ ਨੂੰ ਹੀ ਚੋਣ ਮੈਦਾਨ ਵਿਚ ਲਿਆਂਦੇ ਜਾਣ ਦੀਆਂ ਤਿਆਰੀਆਂ ਹਨ। ਸਿਆਸੀ ਮਾਹਰ ਬਠਿੰਡਾ ਲੋਕ ਸਭਾ ਹਲਕੇ ਵਿਚ ਭਾਜਪਾ ਵੱਲੋਂ ਅਕਾਲੀ ਪਿਛੋਕੜ ਵਾਲੇ ਉਮੀਦਵਾਰ ਨੂੰ ਹੀ ਮੈਦਾਨ ਵਿਚ ਲਿਆਉਣ ਦੀਆਂ ਕੰਨਸੋਆਂ ਨੂੰ ਮਹਿਜ਼ ਸੰਜੋਗ ਨਹੀਂ ਮੰਨ ਰਹੇ, ਬਲਕਿ ਇਸਨੂੰ ਪੰਜਾਬ ਦੀ ਅਕਾਲੀ ਸਿਆਸਤ ਵਿਚ ਆਉਣ ਵਾਲੇ ਸਮੇਂ ਦੌਰਾਨ ਵੱਡੀ ਤਬਦੀਲੀ ਦਾ ਸੂਚਕ ਕਰਾਰ ਦੇ ਰਹੇ ਹਨ। ਜਿਕਰਯੋਗ ਹੈ ਕਿ 1997 ਤੋਂ ਲੈ ਕੇ 2019 ਤੱਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਵੱਡੇ ਭਾਈ ਦੇ ਤੌਰ ’ਤੇ ਹੀ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਲੜਦਾ ਆ ਰਿਹਾ। ਪ੍ਰੰਤੂ ਹੁਣ ਬਦਲੇ ਹੋਏ ਸਿਆਸੀ ਹਾਲਾਤਾਂ ਵਿਚ ਭਾਜਪਾ ਪੰਜਾਬ ਵਿਚ ਵੱਡੇ ਭਾਈ ਦੀ ਭੂਮਿਕਾ ਨਿਭਾਉਣ ਲਈ ਵੱਡੀਆਂ ਖ਼ਾਹਿਸ਼ਾਂ ਪਾਲ ਰਹੀ ਹੈ, ਜਿਸਦੇ ਚੱਲਦੇ ਬਾਦਲ ਪ੍ਰਵਾਰ ਦੇ ਅਕਾਲੀ ਦਲ ’ਤੇ ਕਾਬਜ਼ ਹੁੰਦਿਆਂ ਇਹ ਸੰਭਵ ਦਿਖ਼ਾਈ ਨਹੀਂ ਦਿੰਦਾ। ਬਹਰਹਾਲ ਪੰਜਾਬ ਦੀ ਸਿਆਸਤ ਆਉਣ ਵਾਲੇ ਦਿਨਾਂ ਵਿਚ ਕਿਸ ਕਰਵਟ ਰੁੱਖ ਲੈਂਦੀ ਹੈ, ਇਹ ਭਵਿੱਖ ਦੇ ਗਰਭ ਵਿਚ ਹੈ ਪ੍ਰੰਤੂ ਅਕਾਲੀ ਦਲ ਪ੍ਰਤੀ ਭਾਜਪਾ ਦੇ ਰਵੱਈਏ ਨੇ ਸਿਆਸੀ ਹਲਕਿਆਂ ਵਿਚ ਜਰੂਰ ਹਲਚਲ ਪੈਦਾ ਕਰ ਰੱਖੀ ਹੈ।
Share the post "ਭਾਜਪਾ ਨੇ ਬਠਿੰਡਾ ’ਚ ਬਾਦਲ ਪ੍ਰਵਾਰ ਨੂੰ ਸਿਆਸੀ ਤੌਰ ’ਤੇ ਘੇਰਣ ਦੀ ਬਣਾਈ ਰਣਨੀਤੀ!"