ਚੰਡੀਗੜ੍ਹ, 17 ਅਪ੍ਰੈਲ: ਕੁੱਝ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਬਾਦਲ ਅਕਾਲੀ ਦਲ ’ਚ ਰਲੇਵਾਂ ਕਰਨ ਵਾਲੇ ਢੀਂਢਸਾ ਪ੍ਰਵਾਰ ਵੱਲੋਂ ਟਿਕਟ ਨਾ ਮਿਲਣ ਕਾਰਨ ਦਿਖ਼ਾਏ ਜਾ ਰਹੇ ਤਿੱਖੇ ਤੇਵਰਾਂ ਨੂੰ ਦੇਖਦਿਆਂ ਸੁਖਬੀਰ ਸਿੰਘ ਬਾਦਲ ਨੇ ‘ਡੇਮੈਂਜ ਕੰਟਰੋਲ’ ਦੇ ਲਈ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਹਨ। ਇੰਨ੍ਹਾਂ ਸਿਆਸੀ ਮਸ਼ਕਾਂ ਦੇ ਤਹਿਤ ਦੇਰ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਢੀਂਢਸਾ ਪ੍ਰਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਹਾਲਾਂਕਿ ਦੋਨਾਂ ਸਿਆਸੀ ਘਰਾਣਿਆਂ ਵਿਚ ਕੀ ਗੱਲਬਾਤ ਹੋਈ, ਇਸਦੇ ਵੇਰਵੇਂ ਸਾਹਮਣੇ ਨਹੀਂ ਆਏ ਪ੍ਰੰਤੂੁ ਸੂਤਰਾਂ ਮੁਤਾਬਕ ਹਾਲੇ ਤੱਕ ਨਰਾਜ਼ਗੀ ਬਰਕਰਾਰ ਹੈ। ਗੌਰਤਲਬ ਹੈ ਕਿ ਢੀਂਢਸਾ ਪ੍ਰਵਾਰ ਦੇ ਜੱਦੀ ਹਲਕੇ ਸੰਗਰੂਰ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਝੂੰਦਾ ਨੂੰ ਉਮੀਦਵਾਰ ਬਣਾਇਆ ਹੈ ਜਦਕਿ ਪਰਮਿੰਦਰ ਸਿੰਘ ਢੀਂਢਸਾ ਖ਼ੁਦ ਚੋਣ ਲੜਣ ਵਿਚ ਦਿਲਚਪਸੀ ਦਿਖ਼ਾ ਰਹੇ ਸਨ।
ਭੁੱਚੋਂ ਮੰਡੀ’ਚਗੁੰਡਾਗਰਦੀ ਦਾ ਨੰਗਾ ਨਾਚ: MLA ਦੀ ਹਾਜ਼ਰੀ ’ਚ ਪੁਲਿਸ ਚੌਕੀ ਸਾਹਮਣੇ ਕੱਢੇ ਹਵਾਈ ਫ਼ਾਈਰ
ਉਹ ਸਾਲ 2019 ਵਿਚ ਉਸ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣੇ ਸਨ ਜਦ ਸੁਖਦੇਵ ਸਿੰਘ ਢੀਂਢਸਾ ਅਪਣੇ ਪੁੱਤਰ ਦੇ ਚੋਣ ਲੜਣ ਦੇ ਫੈਸਲੇ ਤੋਂ ਨਾਖ਼ੁਸ ਸਨ। ਅਜਿਹੇ ਹਾਲਾਤ ’ਚ ਹੁਣ ਖੁਦ ਨੂੰ ਪਾਸੇ ਕਰਨ ਤੋਂ ਢੀਂਢਸਾ ਪ੍ਰਵਾਰ ਕਾਫ਼ੀ ਨਰਾਜ਼ ਦਿਖ਼ਾਈ ਦੇ ਰਿਹਾ। ਇਸਦੇ ਲਈ ਬਕਾਇਦਾ ਅੱਜ ਅਪਣੇ ਪੰਜਾਬ ਭਰ ਦੇ ਸਮਰਥਕਾਂ ਦੀ ਵਿਸੇਸ ਮੀਟਿੰਗ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਸੱਦੀ ਗਈ। ਇਸ ਮੀਟਿੰਗ ਦੀ ਵੱਡੀ ਤੇ ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆਈ ਕਿ ਕਿਸੇ ਸਮੇਂ ਢੀਂਢਸਾ ਪ੍ਰਵਾਰ ਦੇ ਕੱਟੜ ਸਿਆਸੀ ਵਿਰੋਧੀ ਰਹੇ ਬਰਨਾਲਾ ਪ੍ਰਵਾਰ ਦੇ ਫਰਜ਼ੰਦ ਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਵੀ ਇਸ ਮੌਕੇ ਹਾਜ਼ਰ ਰਹੇ। ਮੀਟਿੰਗ ਦੇ ਵਿਚ ਹੋਈ ਚਰਚਾ ਦਾ ਨਿਚੌੜ ਸਾਹਮਣੇ ਆ ਰਿਹਾ, ਉਸ ਮੁਤਾਬਕ ਫ਼ਿਲਹਾਲ ਢੀਂਢਸਾ ਪ੍ਰਵਾਰ ਨੇ ਚੋਣ ਪ੍ਰਚਾਰ ਤੋਂ ਦੂਰ ਰਹਿਣ ਦਾ ਫੈਸਲਾ ਲਿਆ ਹੈ ਤੇ ਅਗਲੀ ਰਣਨੀਤੀ ਲਈ ਆਉਣ ਵਾਲੇ ਦਿਨਾਂ ਵਿਚ ਫ਼ਿਰ ਇਕੱਠੇ ਹੋਣ ਦੀ ਉਮੀਦ ਪ੍ਰਗਟਾਈ ਗਈ।
ਭਾਜਪਾ ’ਚ ਵੀ ਸਭ ਅੱਛਾ ਨਹੀਂ, ਵਿਜੇ ਸਾਂਪਲਾ ਦੀ ਨਰਾਜ਼ਗੀ ਚਾੜ੍ਹ ਸਕਦੀ ਹੈ ਕੋਈ ਚੰਨ!
ਉਧਰ ਢੀਂਢਸਾ ਸਮਰਥਕਾਂ ਦੀਆਂ ਇੰਨ੍ਹਾਂ ਅਸਾਧਾਰਣ ਸਿਆਸੀ ਗਤੀਵਿਧੀਆਂ ਨੂੰ ਦੇਖਦਿਆਂ ਸੁਖਬੀਰ ਸਿੰਘ ਬਾਦਲ ਗਤੀਸ਼ੀਲ ਹੋ ਗਏ ਹਨ ਤੇ ਅੱਗ ਦੇ ਭਾਂਬੜ ਬਣਨ ਤੋਂ ਪਹਿਲਾਂ ਹੀ ਉਸਨੂੰ ਬੁਝਾਉਣ ਦੇ ਯਤਨਾਂ ਦੇ ਤਹਿਤ ਅੱਜ ਇਸ ਮੀਟਿੰਗ ਤੋਂ ਬਾਅਦ ਅਚਾਨਕ ਢੀਂਢਸਾ ਪ੍ਰਵਾਰ ਦੇ ਘਰ ਪੁੱਜ ਗਏ। ਇਸ ਮੌਕੇ ਉਨ੍ਹਾਂ ਪਿਊ-ਪੁੱਤ ਨਾਲ ਮੁਲਾਕਾਤ ਕੀਤੀ ਤੇ ਭਰੋਸਾ ਦਿਵਾਇਆ ਕਿ ਪਾਰਟੀ ’ਚ ਢੀਂਢਸਾ ਪ੍ਰਵਾਰ ਦਾ ਪੂਰਨ ਸਤਿਕਾਰ ਹੈ। ਹਾਲਾਂਕਿ ਇਸ ਮੌਕੇ ਹੋਈ ਗੱਲਬਾਤ ਬਾਰੇ ਢੀਂਢਸਾ ਪ੍ਰਵਾਰ ਵੱਲੋਂ ਕੋਈ ਪ੍ਰਤੀਕ੍ਰਿਆ ਸਾਹਮਣੇ ਨਹੀਂ ਆਈ ਪ੍ਰੰਤੂ ਪਤਾ ਲੱਗਿਆ ਹੈ ਕਿ ਉਨ੍ਹਾਂ ਫ਼ਿਲਹਾਲ ਪਾਰਟੀ ਪ੍ਰਧਾਨ ਨੂੰ ਕੋਈ ਵਿਸੇਸ ਭਰੋਸਾ ਨਹੀਂ ਦਿਵਾਇਆ। ਬਹਰਹਾਲ ਪਹਿਲਾਂ ਹੀ ਸਿਆਸੀ ਝਟਕਿਆਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਮੁੜ ਪੈਦਾ ਹੋਏ ਇਸ ਸਿਆਸੀ ਟਕਰਾਅ ਨੂੰ ਸਿਆਸੀ ਮਾਹਰ ਨੇੜਿਓ ਤੱਕ ਰਹੇ ਹਨ।
Share the post "ਢੀਂਢਸਾ ਪ੍ਰਵਾਰ ਦੇ ਤਿੱਖੇ ਤੇਵਰਾਂ ਨੂੰ ਸੁਖਬੀਰ ਬਾਦਲ ਵੱਲੋਂ ਮੁਲਾਕਾਤ ਕਰਕੇ ਸ਼ਾਂਤ ਕਰਨ ਦਾ ਯਤਨ"