ਸ਼ੰਭੂ,22 ਅਪ੍ਰੈਲ: ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਲਈ ਪਿਛਲੀ 17 ਅਪ੍ਰੈਲ ਤੋਂ ਸ਼ੰਭੂ ਰੇਲਵੇ ਟਰੈਕ ‘ਤੇ ਧਰਨਾ ਲਗਾਈ ਬੈਠੇ ਕਿਸਾਨਾਂ ਵੱਲੋਂ ਅੱਜ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਸਬੰਧ ਦੇ ਵਿੱਚ ਜੀਂਦ ਦੇ ਨੇੜੇ ਖਟਕੜ ਟੋਲ ਪਲਾਜ਼ਾ ਕੋਲ ਮੀਟਿੰਗ ਸੱਦੀ ਗਈ ਹੈ ‘ਤੇ ਇਸ ਮੀਟਿੰਗ ਨੂੰ ਮਹਾ ਪੰਚਾਇਤ ਦਾ ਨਾਮ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਜਾਣ ਬੁਝ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਜਿਸ ਦੇ ਚਲਦੇ ਹੁਣ ਸਖਤ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਮੁੜ ਦਿੱਲੀ ਚੱਲੋ ਦਾ ਸੱਦਾ ਦਿੱਤਾ ਗਿਆ ਸੀ। ਪ੍ਰੰਤੂ ਹਰਿਆਣਾ ਸਰਕਾਰ ਨੇ ਸ਼ੰਭੂ ਤੇ ਖਨੌਰੀ ਸਹਿਤ ਪੰਜਾਬ ਅਤੇ ਹਰਿਆਣਾ ਦੇ ਹੋਰਨਾਂ ਬਾਰਡਰਾਂ ਉੱਪਰ ਕੰਧਾਂ ਕੱਢ ਕੇ ਕਿਸਾਨਾਂ ਨੂੰ ਜਬਰੀ ਰੋਕ ਦਿੱਤਾ ਸੀ। ਇਸ ਦੌਰਾਨ ਹੋਏ ਸੰਘਰਸ਼ ਦੇ ਵਿੱਚ ਨੌਜਵਾਨ ਕਿਸਾਨ ਸ਼ੁਭਕਰਨ ਸਹਿਤ ਕਈਆਂ ਹੋਰਨਾਂ ਦੀ ਵੀ ਮੌਤ ਹੋ ਗਈ ਸੀ।
ਬਠਿੰਡਾ ਦੇ ਭਾਗੂ ਰੋਡ ’ਤੇ ਗੱਡੀਆਂ ਭੰਨਣ ਵਾਲੇ ਦੋ ਕਾਬੂ, ਕਈ ਫ਼ਰਾਰ
ਜਿਸ ਦੇ ਚੱਲਦੇ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਹਾਲੇ ਵੀ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਕੁਝ ਕਿਸਾਨਾਂ ਨਵਦੀਪ ਸਿੰਘ ਜਲਵੇੜਾ, ਗੁਰਕੀਰਤ ਸਿੰਘ ਤੇ ਅਨੀਸ਼ ਕੱਕੜ ਆਦਿ ਨੂੰ ਗ੍ਰਿਫਤਾਰ ਕਰਨ ਨੂੰ ਲੈ ਕੇ ਵੀ ਕਿਸਾਨਾਂ ਵਿੱਚ ਰੋਸ਼ ਹੋਰ ਵਧ ਗਿਆ ਹੈ। ਇੰਨਾਂ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਮੋਰਚੇ ਵੱਲੋਂ 17 ਅਪ੍ਰੈਲ ਤੋਂ ਸ਼ੰਭੂ ਰੇਲਵੇ ਟਰੈਕ ਨੂੰ ਜਾਮ ਕੀਤਾ ਹੋਇਆ ਹੈ ਜਿਸ ਕਾਰਨ ਦਰਜਨਾਂ ਰੇਲ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਕਈਆਂ ਦੇ ਰੂਟ ਬਦਲਣੇ ਪੈ ਰਹੇ ਹਨ। ਜਦਕਿ ਦਰਜਨਾਂ ਦੀਆਂ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ। ਪ੍ਰੰਤੂ ਇਸ ਦੇ ਬਾਵਜੂਦ ਗ੍ਰਿਫਤਾਰ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚਲਦੇ ਅੱਜ ਅਗਲੇ ਤਿੱਖੇ ਸੰਘਰਸ਼ ਦੀ ਰੂਪਰੇਖਾ ਉਲੀਕਣ ਦੇ ਲਈ ਇਹ ਮੀਟਿੰਗ ਸੱਦੀ ਗਈ ਹੈ।