ਨਾਮਜਦਗੀਆਂ ਸ਼ੁਰੂ ਹੋਣ ਦੇ ਬਾਵਜੂਦ ਵੀ ਹਾਲੇ ਚਾਰ ਹਲਕਿਆਂ ਬਾਰੇ ਸਸਪੈਂਸ ਬਰਕਰਾਰ
ਚੰਡੀਗੜ੍ਹ, 8 ਮਈ: ਦੇਸ਼ ਵਿੱਚ ਲਗਾਤਾਰ ਤੀਜੀ ਵਾਰੀ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਉਮੀਦਵਾਰਾਂ ਦੇ ਐਲਾਨ ਕਰਨ ਦੇ ਮਾਮਲੇ ਵਿੱਚ ਦੂਜੀਆਂ ਸਿਆਸੀ ਧਿਰਾਂ ਤੋਂ ਪਿਛੜਦੀ ਜਾਪ ਰਹੀ ਹੈ। ਸੂਬੇ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਹਾਲੇ ਤੱਕ ਭਾਜਪਾ ਨੇ 9 ਥਾਵਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜਦੋਂ ਕਿ ਫਿਰੋਜ਼ਪੁਰ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਤੋਂ ਪਾਰਟੀ ਉਮੀਦਵਾਰ ਖੋਜਣ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਪੰਜਾਬ ਦੀਆਂ ਸਮੂਹ ਪ੍ਰਮੁੱਖ ਪਾਰਟੀਆਂ ਨੇ ਸਾਰੇ ਹਲਕਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰਕੇ ਚੋਣ ਮੁਹਿੰਮ ਨੂੰ ਭਖਾਇਆ ਹੋਇਆ ਹੈ। ਵੱਡੀ ਗੱਲ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਬੇਸ਼ਕ ਸਭ ਤੋਂ ਆਖਰੀ ਗੇੜ ਵਿੱਚ ਭਾਵ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਪ੍ਰੰਤੂ ਚੋਣ ਨਾਮਜਾਦਗੀਆਂ ਦਾ ਕੰਮ ਬੀਤੇ ਕੱਲ ਸੱਤ ਮਈ ਤੋਂ ਸ਼ੁਰੂ ਹੋ ਚੁੱਕਿਆ ਹੈ। ਚੋਣ ਨਾਮਜਦਗੀਆਂ ਦੇ ਦੂਜੇ ਦਿਨ ਭਾਜਪਾ ਦੀ ਮੁੱਖ ਵਿਰੋਧੀ ਮੰਨੀ ਜਾਣ ਵਾਲੀ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ ਕਰਵਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਪ੍ਰੰਤੂ ਭਾਜਪਾ ਵੱਲੋਂ ਹਾਲੇ ਤੱਕ ਚਾਰ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕਰ ਪਾਈ ਹੈ।
ਭਾਜਪਾ ਉਮੀਦਵਾਰ ਦੀ ਹਮਾਇਤ ਕਰਨ ਵਾਲੀ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਅਕਾਲੀ ਦਲ ਨੇ ਕੱਢਿਆ
ਜਿਸ ਕਰਕੇ ਇਹਨਾਂ ਹਲਕਿਆਂ ਦੇ ਵਿੱਚ ਭਾਜਪਾ ਸਮਰਥਕ ਠੰਡੇ ਹੋਏ ਬੈਠੇ ਹਨ। ਸੂਬਾਈ ਭਾਜਪਾ ਨਾਲ ਸਬੰਧਤ ਪਾਰਟੀ ਦੇ ਉੱਚ ਆਗੂਆਂ ਮੁਤਾਬਿਕ ਪੰਜਾਬ ਦੇ ਦੂਜੇ ਲੋਕ ਸਭਾ ਹਲਕਿਆਂ ਦੇ ਨਾਲ ਹੀ ਇਹਨਾਂ ਬਾਕੀ ਰਹਿੰਦੇ ਚਾਰ ਹਲਕਿਆਂ ਦੇ ਸੰਭਾਵੀ ਉਮੀਦਵਾਰਾਂ ਦੀ ਲਿਸਟ ਪਾਰਟੀ ਦੀ ਹਾਈ ਕਮਾਂਡ ਨੂੰ ਸੌਂਪੀ ਜਾ ਚੁੱਕੀ ਹੈ ਅਤੇ ਹੁਣ ਫੈਸਲਾ ਲੈਣਾ ਉਹਨਾਂ ਦੇ ਹੱਥ ਵੱਸ ਹੈ। ਜ਼ਿਕਰ ਕਰਨਾ ਬਣਦਾ ਹੈ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਡੋਰੇ ਪਾਏ ਜਾ ਰਹੇ ਹਨ ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਲਈ ਕਈ ਉਮੀਦਵਾਰ ਦਾਅਵੇਦਾਰ ਹਨ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਭਾਜਪਾ ਵੱਲੋਂ ਹੁਣ ਤੱਕ ਐਲਾਨੇ 9 ਉਮੀਦਵਾਰਾਂ ਵਿੱਚੋਂ 5 ਸਿੱਧੇ ਦੂਜੇ ਪਾਰਟੀਆਂ ਵਿੱਚੋਂ ਆਏ ਆਗੂਆਂ ਨੂੰ ਟਿਕਟ ਦਿੱਤੀ ਗਈ ਹੈ ਅਤੇ ਬਾਕੀ ਚਾਰ ਵਿੱਚੋਂ ਵੀ ਇੱਕ ਆਪਣੇ ਮੰਤਰੀ ਦੀ ਪਤਨੀ ਇੱਕ ਸਾਬਕਾ ਰਾਜਦੂਤ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇੰਨ੍ਹਾਂ ਵਿੱਚ ਬਠਿੰਡਾ ਤੋਂ ਸਾਬਕਾ ਅਕਾਲੀ ਮੰਤਰੀ ਦੀ ਨੂੰਹ ਪਰਮਪਾਲ ਕੌਰ ਮਲੂਕਾ, ਲੁਧਿਆਣਾ ਤੋਂ ਕਾਂਗਰਸ ਦੇ ਸਿੰਟਿਗ ਐਮਪੀ ਰਵਨੀਤ ਸਿੰਘ ਬਿੱਟੂ, ਖੰਡੂਰ ਸਾਹਿਬ ਤੋਂ ਸਾਬਕਾ ਅਕਾਲੀ ਦਲ ਨਾਲ ਸਬੰਧਤ ਰਹੇ ਮਨਪ੍ਰੀਤ ਸਿੰਘ ਮੰਨਾ, ਪਟਿਆਲਾ ਤੋਂ ਕਾਂਗਰਸ ਦੀ ਐਮਪੀ ਪ੍ਰਨੀਤ ਕੌਰ, ਜਲੰਧਰ ਤੋਂ ਆਪ ਦੇ ਸਿੰਟਿਗ ਐਮਪੀ ਸੁਸ਼ੀਲ ਕੁਮਾਰ ਰਿੰਕੂ ਸ਼ਾਮਿਲ ਹਨ। ਇਸੇ ਤਰ੍ਹਾਂ ਭਾਜਪਾ ਨੇ ਹੁਸ਼ਿਆਰਪੁਰ ਤੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਨਾਲ ਨਿਵਾਜਿਆ ਹੈ, ਜਿਸ ਦੇ ਕਾਰਨ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਵਿਜੇ ਸਾਂਪਲਾ ਨਰਾਜ ਚੱਲ ਰਹੇ ਹਨ। ਫਰੀਦਕੋਟ ਤੋਂ ਗਾਇਕ ਹੰਸ ਰਾਜ ਹੰਸ ਜਦਕਿ ਅੰਮ੍ਰਿਤਸਰ ਤੋਂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜੇਕਰ ਗੱਲ ਭਾਜਪਾ ਦੇ ਟਕਸਾਲੀ ਵਰਕਰਾਂ ਵਿੱਚੋਂ ਕੀਤੀ ਜਾਵੇ ਤਾਂ ਪੰਜਾਬ ਵਿੱਚ ਗੁਰਦਾਸਪੁਰ ਹਲਕੇ ਤੋਂ ਦਿਨੇਸ਼ ਕੁਮਾਰ ਬੱਬੂ ਦੇ ਹਿੱਸੇ ਇਹ ਸੀਟ ਆਈ ਹੈ।