198 Views
ਅੱਜ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਕੱਢਣਗੇ ਰੋਡ ਸ਼ੋਅ
ਕੱਲ ਚੋਣ ਰੈਲੀ ਤੋਂ ਇਲਾਵਾ ਪਿੰਡ ਬਾਦਲ ਵਿਖੇ ਕੀਤਾ ਸੀ ਰੋਡ ਸ਼ੋਅ
ਬਠਿੰਡਾ, 22 ਮਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲਾਂ ਨੂੰ ਉਹਨਾਂ ਦੇ ਗੜ੍ਹ ‘ਚ ਹਰਾਉਣ ਦੇ ਲਈ ਪੂਰੀ ਤਾਕਤ ਝੋਕ ਦਿੱਤੀ ਹੈ। ਪਿਛਲੇ ਤਿੰਨ ਦਿਨਾਂ ਤੋਂ ਬਠਿੰਡਾ ਸ਼ਹਿਰ ਦੇ ਵਿੱਚ ਡੇਰਾ ਲਗਾਈ ਬੈਠੇ ਸ: ਮਾਨ ਦੇ ਵੱਲੋਂ ਜਿੱਥੇ ਬੀਤੇ ਕੱਲ ਬਠਿੰਡਾ ਸ਼ਹਿਰ ਦੀ ਹੱਦ ‘ਤੇ ਪੈਂਦੇ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਨਰੂਆਣਾ ਵਿਖੇ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਕੇ ਬਾਦਲ ਪਰਿਵਾਰ ‘ਤੇ ਸਿਆਸੀ ਨਿਸ਼ਾਨੇ ਵਿੰਨੇ ਸਨ, ਉਥੇ ਉਹਨਾਂ ਵੱਲੋਂ ਪਿੰਡ ਬਾਦਲ ਵਿਖੇ ਰੋਡ ਸ਼ੋਅ ਕਰਕੇ ਇੱਕ ਨਵੀਂ ਕਿੱਕਲੀ ਵੀ ਗਾਈ ਗਈ ਸੀ ਜੋ ਸਿਆਸੀ ਹਲਕਿਆਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਦੌਰਾਨ ਮੁੱਖ ਮੰਤਰੀ ਮਾਨ ਦੇ ਵੱਲੋਂ ਅੱਜ ਮੁੜ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਆਉਂਦੇ ਪੰਜ ਵਿਧਾਨ ਸਭਾ ਹਲਕਿਆਂ ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਪਾਰਟੀ ਦੇ ਆਗੂਆਂ ਮੁਤਾਬਕ ਬੁਢਲਾਡਾ ਵਿਖੇ ਚੋਣ ਰੈਲੀ ਕੀਤੀ ਜਾਵੇਗੀ। ਇਸੇ ਤਰ੍ਹਾਂ ਬਾਅਦ ਦੁਪਹਿਰ ਮਾਨਸਾ ਤੋਂ ਸ਼ੁਰੂ ਹੋਣ ਵਾਲਾ ਰੋਡ ਸ਼ੋਅ ਮੋੜ ਮੰਡੀ, ਤਲਵੰਡੀ ਸਾਬੋ ਅਤੇ ਭੁੱਚੋ ਮੰਡੀ ਵਿੱਚੋਂ ਗੁਜਰੇਗਾ। ਦੱਸਣਾ ਬਣਦਾ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਅਧੀਨ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਜਿਲੇ ਦਾ ਲੰਬੀ ਵਿਧਾਨ ਸਭਾ ਹਲਕਾ ਦੀ ਆਉਂਦਾ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲੰਬੀ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਹਨ, ਜਿਨਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਿਕਸਤ ਦਿੱਤੀ ਸੀ। ਪਾਰਟੀ ਦੇ ਆਗੂਆਂ ਮੁਤਾਬਕ ਮੁੱਖ ਮੰਤਰੀ ਵੱਲੋਂ ਬਾਦਲਾਂ ਦਾ ਗੜ੍ਹ ਕਹੇ ਜਾਣ ਵਾਲੇ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਇਸ ਵਾਰ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੇ ਲਈ ਪੂਰਾ ਤਹੱਈਆ ਕੀਤਾ ਹੋਇਆ ਹੈ। ਜਿਸ ਦੇ ਚਲਦੇ ਉਹਨਾਂ ਵੱਲੋਂ ਆਪਣੀ ਹਰ ਸਿਆਸੀ ਰੈਲੀ ਦੇ ਵਿੱਚ ਇਸਦਾ ਖੁੱਲ ਕੇ ਜ਼ਿਕਰ ਵੀ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਮੌਜੂਦਾ ਸਮੇਂ ਤਿਕੋਣਾ ਮੁਕਾਬਲਾ ਬਣਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਵਿੱਚ ਆਪ ਦੇ ਗੁਰਮੀਤ ਸਿੰਘ ਖੁੱਡੀਆਂ, ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਪਾਰਟੀ ਦੇ ਜੀਤ ਮਹਿੰਦਰ ਸਿੰਘ ਸਿੱਧੂ ਇੱਕ ਦੂਜੇ ਨੂੰ ਕਰੜੀ ਟੱਕਰ ਦਿੰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਪਹਿਲੀ ਵਾਰ ਇਸ ਹਲਕੇ ਤੋਂ ਚੋਣ ਲੜ ਰਹੀ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਵੀ ਤਕੜੀ ਟੱਕਰ ਦੇ ਰਹੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ‘ਤੇ ਚੋਣ ਲੜ ਰਹੇ ਲੱਖਾ ਸਿਧਾਣਾ ਵੀ ਲਗਾਤਾਰ ਆਪਣੀ ਮੌਜੂਦਗੀ ਦਿਖਾਈ ਦੇ ਰਹੇ ਹਨ।
ਬੀਤੇ ਕੱਲ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਤਿੰਨ ਚੋਣ ਰੈਲੀਆਂ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਦੇ ਹੱਕ ਦੇ ਵਿੱਚ ਜਿੱਥੇ ਉਹਨਾਂ ਦੇ ਪਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਟੇ ਹੋਏ ਹਨ, ਉੱਥੇ ਉਹਨਾਂ ਦੇ ਭਰਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਲਗਾਤਾਰ ਕਈ ਦਿਨ ਇੱਥੇ ਚੋਣ ਪ੍ਰਚਾਰ ਕਰਕੇ ਗਏ ਹਨ।