8 Views
ਡੇਰਾ ਸਿਰਸਾ ਦੇ ਮੁਖੀ ਦੇ ਹਨ ਕੁੜਮ
ਨਵੀਂ ਦਿੱਲੀ, 23 ਮਈ: ਪਿਛਲੇ ਕੁਝ ਮਹੀਨਿਆਂ ਤੋਂ ਸਿਆਸੀ ਹਲਕਿਆਂ ਦੇ ਵਿੱਚ ਗੈਰ ਸਰਗਰਮ ਰਹੇ ਸਾਬਕਾ ਮੰਤਰੀ ਅਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ। ਲੰਮਾ ਸਮਾਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਰਹੇ ਅਤੇ ਤਿੰਨ ਵਾਰ ਵਿਧਾਇਕ ਰਹਿਣ ਤੋਂ ਇਲਾਵਾ ਇੱਕ ਵਾਰ ਕੈਬਨਿਟ ਮੰਤਰੀ ਰਹੇ ਜੱਸੀ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਬਾਗੀ ਚੋਣ ਲੜਨ ਕਾਰਨ ਪਾਰਟੀ ਚੋਂ ਕੱਢ ਦਿੱਤਾ ਸੀ।
ਉਹ ਤਲਵੰਡੀ ਸਾਬੋ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ। ਕੁਝ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਕਾਂਗਰਸ ਦੇ ਕੁਝ ਵੱਡੇ ਆਗੂਆਂ ਨਾਲ ਵੀ ਮੁਲਾਕਾਤ ਕਰਨ ਦੇ ਚਰਚੇ ਸਨ ਪਰੰਤੂ ਅੱਜ ਉਹਨਾਂ ਦੀ ਭਾਜਪਾ ਵਿੱਚ ਸ਼ਮੂਲੀਅਤ ਨੇ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।
ਵੱਡੀ ਗੱਲ ਇਹ ਵੀ ਹੈ ਕਿ ਹਰਮਿੰਦਰ ਸਿੰਘ ਜੱਸੀ ਦੇ ਜਾਨਸ਼ੀਨ ਮੰਨੇ ਜਾਣ ਵਾਲੇ ਉਹਨਾਂ ਦੇ ਭਤੀਜੇ ਜੈਦੀਪ ਸਿੰਘ ਜੱਸੀ ਹਾਲੇ ਦੋ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਹਰਮਿੰਦਰ ਜੱਸੀ ਦਾ ਸਿਆਸੀ ਪਿਛੋਕੜ ਮੁਢਲੇ ਰੂਪ ਵਿੱਚ ਹਲਕਾ ਤਲਵੰਡੀ ਸਾਬੋ ਨਾਲ ਹੀ ਜੁੜਿਆ ਰਿਹਾ। ਹਾਲਾਂਕਿ ਉਹ ਦੋ ਵਾਰ ਬਠਿੰਡਾ ਸ਼ਹਿਰੀ ਹਲਕੇ ਤੋਂ ਵੀ ਚੋਣ ਲੜ ਚੁੱਕੇ ਹਨ।