ਪੰਜਾਬ ਸਰਕਾਰ ਵੱਲੋਂ ਪਿਛਲਾ ਨਹਿਰੀ ਮਾਲੀਆ ਉਗਰਾਉਣ ਦੇ ਹੁਕਮਾਂ ਵਿਰੁਧ ਅੰਦੋਲਨ ਦਾ ਐਲਾਨ
ਚੰਡੀਗੜ੍ਹ, 27 ਮਈ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਤੇ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਇੱਥੇ ਜਾਰੀ ਇੱਕ ਬਿਆਨ ਰਾਹੀਂ ਦਸਿਆ ਕਿ ਹਰਿਆਣਾ ਤੇ ਰਾਜਸਥਾਨ ਦੇ ਬਾਰਡਰਾਂ ਉੱਤੇ 105 ਦਿਨਾਂ ਤੋਂ ਪੱਕੇ ਮੋਰਚੇ ਚਲਾ ਰਹੇ ਦੋਨੋਂ ਫੋਰਮਾ ਵੱਲੋਂ 28 ਮਈ ਨੂੰ ਪੰਜਾਬ ਹਰਿਆਣਾ ਤੇ ਹੋਰਨਾਂ ਸੂਬਿਆਂ ਵਿੱਚ ਭਾਜਪਾ ਉਮੀਦਵਾਰਾਂ ਤੇ ਆਗੂਆਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਇਸ ਸਬੰਧ ਵਿਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਭਲਕੇ ਅਬੋਹਰ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਗੁਰੂ ਹਰਸਹਾਇ ਤੇ ਫਿਰੋਜਪੁਰ ਰਾਣਾ ਗੁਰਮੀਤ ਸੋਢੀ, ਫਰੀਦਕੋਟ ਹੰਸ ਰਾਜ ਹੰਸ, ਖੰਡੂਰ ਸਾਹਿਬ ਮਨਜੀਤ ਸਿੰਘ ਮੰਨਾ ਮੀਆਂ ਵਿੰਡ, ਅੰਮ੍ਰਿਤਸਰ ਤਰੁਣਜੀਤ ਸੰਧੂ, ਗੁਰਦਾਸਪੁਰ ਦਿਨੇਸ਼ ਬੱਬੂ, ਹੁਸ਼ਿਆਰਪੁਰ ਅਨੀਤਾ ਸੋਮ ਪ੍ਰਕਾਸ਼, ਜਲੰਧਰ ਸੁਸ਼ੀਲ ਕੁਮਾਰ ਰਿੰਕੂ,ਲੁਧਿਆਣਾ ਰਵਨੀਤ ਬਿੱਟੂ , ਬਠਿੰਡਾ ਬੀਬੀ ਪਰਮਪਾਲ ਮਲੂਕਾ ਆਦਿ ਦੇ ਘਰਾਂ ਅੱਗੇ ਵਿਸ਼ਾਲ ਧਰਨੇ ਦਿੱਤੇ ਜਾਣਗੇ।
ਸ਼ਰਾਬੀਆਂ ਲਈ ਮਾੜੀ ਖ਼ਬਰ, ਇਸ ਦਿਨ ਬੰਦ ਰਹਿਣਗੇ ਠੇਕੇ
ਇਸਤੋਂ ਇਲਾਵਾ ਕਿਸਾਨ ਆਗੂਆਂ ਨੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਤੋਂ ਪਿਛਲਾ ਨਹਿਰੀ ਮਾਮਲਾ 326 ਕਰੋੜ 94 ਲੱਖ 53 ਹਜ਼ਾਰ ਵਸੂਲਣ ਦੇ ਹੁਕਮਾਂ ਦੀ ਸਖਤ ਨਿਖੇਦੀ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਪਿਛਲੇ 23 ਸਾਲਾਂ ਵਿੱਚ 59 ਲੱਖ ਕਰੋੜ ਦਾ ਘਾਟਾ ਫਸਲਾਂ ਦੇ ਭਾਅ ਵਿੱਚ ਪਿਆ ਹੈ । ਇਸ ਲਈ ਕਿਸਾਨਾਂ ਨੂੰ ਪਿਛਲੀ ਨਿਗੂਣੀ ਨਹਿਰੀ ਪਾਣੀ ਦੀ ਸਬਸਿਡੀ ਨਹੀਂ ਖੋਹਣ ਦਿੱਤੀ ਜਾਵੇਗੀ। ਕਿਸਾਨ ਕਿਸੇ ਵੀ ਕੀਮਤ ਉੱਤੇ ਨਹਿਰੀ ਮਾਲੀਆ ਸਰਕਾਰ ਨਹੀਂ ਉਗਰਾਉਣ ਦੇਣਗੇ ਤੇ ਪਿੰਡਾਂ ਵਿੱਚ ਮੰਤਰੀਆਂ,ਵਿਧਾਇਕਾਂ ਤੇ ਅਫ਼ਸਰਸ਼ਾਹੀ ਦੇ ਘਿਰਾਓ ਕੀਤੇ ਜਾਣਗੇ। ਕਿਸਾਨ ਆਗੂਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਉਕਤ ਫੈਸਲਾ ਤੁਰੰਤ ਵਾਪਸ ਲਵੇ ਕਿਸਾਨ ਪੱਖੀ ਖੇਤੀ ਨੀਤੀ ਤੁਰੰਤ ਜਾਰੀ ਕੀਤੀ ਜਾਵੇ ਤੇ ਪੰਜਾਬ ਸਰਕਾਰ ਪੰਜਾਬ ਵਿੱਚ ਬੀਜੀਆਂ ਜਾਂਦੀਆਂ ਫਸਲਾਂ ਉੱਤੇ ਗਰੰਟੀ ਦਾ ਕਾਨੂੰਨ ਲਾਗੂ ਕਰੇ।
Share the post "ਕਿਸਾਨ ਮਜ਼ਦੂਰਾਂ 28 ਮਈ ਨੂੰ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਧਰਨੇ ਦੇਣ ਦੀਆਂ ਤਿਆਰੀਆਂ ਮੁਕੰਮਲ"