ਬਠਿੰਡਾ, 27 ਮਈ : ਪਿਛਲੇ ਸਮੇਂ ਦੌਰਾਨ ਬਾਦਲ ਪ੍ਰਵਾਰ ਵਿਰੁਧ ਲੰਮਾ ਸੰਘਰਸ਼ ਕਰਨ ਵਾਲੇ ਮੁਤਵਾਜ਼ੀ ਜਥੇਦਾਰ ਤੇ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਲਜੀਤ ਸਿੰਘ ਦਾਦੂਵਾਲ ਨੇ ਮੁੜ ਮੋਰਚਾ ਖੋਲ ਦਿੱਤਾ ਹੈ। ਸੋਮਵਾਰ ਨੂੰ ਬਠਿੰਡਾ ਪ੍ਰੈਸ ਕਲੱਬ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪਿਛਲੇ ਸਮੇਂ ਅੰਦਰ ਸਿੱਖ ਪੰਥ ਦੀਆਂ ਸ਼੍ਰੋਮਣੀ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਸਰਪ੍ਰਸਤੀ ਵਿੱਚ ਖਤਮ ਹੋਣ ਦੀ ਕਗਾਰ ’ਤੇ ਪਹੁੰਚ ਗਈਆਂ ਹਨ। ਇਨ੍ਹਾਂ ਸੰਸਥਾਵਾਂ ਦੀ ਮੁੜ ਸੁਰਜੀਤੀ ਲਈ ਬਾਦਲ ਪਰਿਵਾਰ ਨੂੰ ਇੱਕ ਵਾਰ ਇਨ੍ਹਾਂ ਸੰਸਥਾਵਾਂ ਦੀ ਸਰਪ੍ਰਸਤੀ ਤੋਂ ਲਾਂਭੇ ਕਰਨਾ ਅਤਿਅੰਤ ਜਰੂਰੀ ਹੈ।ਉਨ੍ਹਾਂ ਕਿਹਾ ਕਿ ਬਾਦਲਾਂ ਦੇ ਰਾਜ ਵਿਚ ਬੇਅਦਬੀ ਦੇ ਦੋਸ਼ੀਆਂ ਦੀ ਪੰਥ ਨੇ ਗ੍ਰਿਫਤਾਰੀ ਮੰਗੀ ਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ਉੱਪਰ ਬਹਿਬਲ ਕਲਾਂ ਕੋਟਕਪੂਰਾ ਵਿੱਚ ਸਿੱਧੀਆਂ ਗੋਲੀਆਂ ਚਲਾ ਕੇ ਗੰਦੇ ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਕਰਕੇ ਦੋ ਸਿੰਘਾਂ ਨੂੰ ਸ਼ਹੀਦ ਅਤੇ ਅਨੇਕਾਂ ਨੂੰ ਜਖਮੀ ਕਰ ਦਿੱਤਾ।
ਬੇਅਦਬੀ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਅਤੇ ਉਸਦੇ ਪੈਰੋਕਾਰਾਂ ਨੂੰ ਬਚਾਉਣ ਲਈ ਹਰੇਕ ਤਰ੍ਹਾਂ ਦੀ ਛੱਤਰ ਛਾਇਆ ਬਾਦਲਾਂ ਨੇ ਦਿੱਤੀ। ਗੁਰੂ ਸਾਹਿਬ ਦਾ ਸਵਾਂਗ ਰਚਣ ਵਾਲੇ ਸੌਦਾ ਅਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਉਸ ਤੋਂ ਵੋਟਾਂ ਮੰਗੀਆਂ ਤੇ ਬਾਅਦ ਵਿੱਚ ਸੌਦਾ ਅਸਾਧ ਨੂੰ ਮਾਫੀਨਾਮਾ ਵੀ ਦਿਵਾ ਦਿੱਤਾ ਗਿਆ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜਿੱਥੇ ਲੋਕ ਸਭਾ ਹਲਕਾ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹਰਾਉਣਾ ਬਹੁਤ ਜਰੂਰੀ ਹੈ, ਉਥੇ ਹਲਕਾ ਫਰੀਦਕੋਟ ਤੋਂ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਅਤੇ ਹਲਕਾ ਖਡੂਰ ਸਾਹਿਬ ਤੋਂ ਡਿਬਰੂਗੜ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਵਿਚ ਭੇਜਣਾ ਵੀ ਪੰਥ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਤੋਂ ਸ਼ਰੋਮਣੀ ਅਕਾਲੀਦ ਦਲ (ਮਾਨ) ਅਤੇ ਖਡੂਰ ਸਾਹਿਬ ਤੋਂ ਸ਼ਰੋਮਣੀ ਅਕਾਲੀ ਦਲ (ਬਾਦਲ) ਵਲੋਂ ਉਮੀਦਵਾਰ ਖੜ੍ਹੇ ਕੀਤੇ ਜਾਣਾ ਸਪੱਸ਼ਟ ਕਰਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਪੰਥ ਦਾ ਕਿੰਨਾ ਕੁ ਦਰਦ ਹੈ।
Share the post "ਦਾਦੂਵਾਲ ਨੇ ਮੁੜ ਬਾਦਲਾਂ ਵਿਰੁੂਧ ਖੋਲਿਆ ਮੋਰਚਾ, ਕਿਹਾ ਸਿੱਖੀ ਨੂੰ ਬਚਾਉਣ ਲਈ ਹਰਸਿਮਰਤ ਨੂੰ ਹਰਾਉਣਾ ਲਾਜ਼ਮੀ"