9 Views
ਅੰਮ੍ਰਿਤਸਰ, 29 ਮਈ: ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸੇ ਦੌਰਾਨ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਸ. ਪ੍ਰਤਾਪ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਪੁਸਤਕਾਂ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਪੁਸ਼ਕਰ ਸਿੰਘ ਧਾਮੀ ਨਾਲ ਉਤਰਾਖੰਡ ਨਾਲ ਸਬੰਧਤ ਸਿੱਖ ਮਾਮਲਿਆਂ ਬਾਰੇ ਗੱਲਬਾਤ ਕੀਤੀ। ਸ. ਪ੍ਰਤਾਪ ਸਿੰਘ ਨੇ ਗੁਰਦੁਆਰਾ ਗਿਆਨ ਗੋਦੜੀ ਨਾਲ ਸਬੰਧਤ ਮਾਮਲੇ ਦੇ ਨਾਲ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮਾਮਲੇ ਨੂੰ ਵੀ ਉਨ੍ਹਾਂ ਨਾਲ ਵਿਚਾਰਿਆ।
ਇਸ ਦੇ ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਚਾਰ ਧਾਮ ਯਾਤਰਾ ਤਹਿਤ ਰਜਿਟ੍ਰੇਸ਼ਨ ਕਰਨ ਦੇ ਮਾਮਲੇ ’ਤੇ ਵੀ ਇਤਰਾਜ਼ ਦਰਜ਼ ਕਰਵਾਇਆ ਅਤੇ ਇਸ ਲਈ ਵੱਖਰਾ ਪੋਰਟਲ ਬਣਾਉਣ ਲਈ ਕਿਹਾ। ਇਸ ’ਤੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਕਾਰਵਾਈ ਕਰਨ ਦੀ ਗੱਲ ਆਖੀ। ਇਸੇ ਦੌਰਾਨ ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਘਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਵੱਡੇ ਭਾਗਾਂ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਉਤਰਾਖੰਡ ਦੀ ਉਸ ਧਰਤੀ ਤੋਂ ਆਏ ਹਨ, ਜਿਸ ਨਾਲ ਸਿੱਖ ਗੁਰੂ ਸਾਹਿਬਾਨ ਦਾ ਗਹਿਰਾ ਰਿਸ਼ਤਾ ਹੈ। ਉਨ੍ਹਾਂ ਸਿੱਖ ਮਾਮਲਿਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਮਿਲੇ ਸੁਝਾਵਾਂ ’ਤੇ ਵਿਚਾਰ ਕਰਕੇ ਉਹ ਇਨ੍ਹਾਂ ਨੂੰ ਅੱਗੇ ਤੋਰਨਗੇ। ਇਸ ਮੌਕੇ ਮੈਨੇਜਰ ਸ. ਨਰਿੰਦਰ ਸਿੰਘ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸ. ਰਣਧੀਰ ਸਿੰਘ, ਸਾਬਕਾ ਐਮਪੀ ਸ੍ਰੀ ਸੁਰੇਸ਼ ਚੰਦੇਲ, ਸ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Share the post "ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ"