ਤਲਵੰਡੀ ਸਾਬੋ, 30 ਮਈ : ਭਾਰਤੀ ਖੇਡ ਅਥਾਰਿਟੀ ਸੋਨੀਪਤ ਵੱਲੋਂ ਸੁਵੋਨ ਕੋਰੀਆ ਵਿਖੇ 2 ਜੂਨ ਤੋਂ 9 ਜੂਨ ਤੱਕ ਹੋਣ ਵਾਲੇ ਤੀਰਅੰਦਾਜ਼ੀ ਏਸ਼ੀਆ ਕੱਪ- 2024 ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ ਰਾਹੁਲ ਦੀ ਚੋਣ ਰਿਕਰਵ ਟੀਮ ਲਈ ਕੀਤੀ ਗਈ ਹੈ।ਇਸ ਚੋਣ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਤੀਰਅੰਦਾਜ਼ੀ ਦੀ ਖੇਡ ਨੂੰ ਹਰਮਨ ਪਿਆਰਾ ਬਣਾਉਣ ਲਈ ‘ਵਰਸਿਟੀ ਵੱਲੋਂ ਲੰਮੇ ਸਮੇਂ ਤੋਂ ਯਤਨ ਜਾਰੀ ਹਨ। ਕੋਚ ਸਾਹਿਬਾਨ ਦੀ ਉੱਤਮ ਕੋਚਿੰਗ, ਖਿਡਾਰੀਆਂ ਦੀ ਮਿਹਨਤ ਅਤੇ ਅਭਿਆਸ ਕਾਰਨ ਇਹ ਮਾਣਮੱਤੀ ਪ੍ਰਾਪਤੀ ਹੋਈ ਹੈ। ਉਨ੍ਹਾਂ ਰਾਹੁਲ ਨੂੰ ਉਸਦੀ ਪ੍ਰਾਪਤੀ ‘ਤੇ ਵਧਾਈ ਦਿੱਤੀ।
ਭਾਜਪਾ ਉਮੀਦਵਾਰ ਨੇ ਡੇਰਾ ਮੁੱਖੀ ਨੂੰ ਕਿਹਾ ਧੰਨਵਾਦ, ਵੀਡੀਓ ਵਾਇਰਲ
ਆਪਣੇ ਵਧਾਈ ਸੰਦੇਸ਼ ਵਿੱਚ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਖਿਡਾਰੀ, ਡਾਇਰੈਕਟਰ ਖੇਡਾਂ, ਕੋਚ ਸਾਹਿਬਾਨ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਉਜੱਵਲ ਭਵਿੱਖ ਲਈ ਸ਼ੁੱਭ-ਕਾਮਨਾਵਾਂ ਭੇਂਟ ਕੀਤੀਆਂ। ਨਿਰਦੇਸ਼ਕ ਖੇਡਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਚੋਣ ਮੁਕਾਬਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਰਅੰਦਾਜ਼ੀ ਏਸ਼ੀਆ ਕੱਪ 2024 ਦੀ ਰਿਕਰਵ ਟੀਮ (ਲੜਕਿਆਂ) ਵਿੱਚ ਰਾਹੁਲ ਤੋਂ ਇਲਾਵਾ ਗੋਲਡੀ ਮਿਸ਼ਰਾ, ਰਾਹੁਲ ਕੁਮਾਰ ਨਾਗਰਵਾਲ ਅਤੇ ਅਮਿਤ ਦੀ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਏਸ਼ੀਆ ਕੱਪ ਦਾ ਪ੍ਰਦਰਸ਼ਨ ਖਿਡਾਰੀਆਂ ਨੂੰ ਵਿਸ਼ਵ ਰੈਂਕਿੰਗ ਵਿੱਚ ਸੁਧਾਰ ਕਰਨ ਦਾ ਮੌਕਾ ਦੇਵੇਗਾ। ਉਨ੍ਹਾਂ ਤੀਰਅੰਦਾਜ਼ੀ ਕੋਚ ਵਿਪਨ ਕੰਬੋਜ਼ ਨੂੰ ਵਧਾਈ ਦਿੱਤੀ ਤੇ ਵਰਸਿਟੀ ਪ੍ਰਬੰਧਕਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ।