Punjabi Khabarsaar
ਫਰੀਦਕੋਟਬਠਿੰਡਾ

ਬਠਿੰਡਾ ਤੇ ਫਰੀਦਕੋਟ ਦੀ ਹਾਰ ਨੂੰ ਲੈ ਕੇ ਭਗਵੰਤ ਮਾਨ ਅੱਜ ਕਰਨਗੇ ਮੰਥਨ

ਦੋਨਾਂ ਹਲਕਿਆਂ ਦੇ ਵਿਧਾਇਕਾਂ, ਚੇਅਰਮੈਨ ਤੇ ਅਹੁਦੇਦਾਰਾਂ ਨੂੰ ਸੱਦਿਆ ਚੰਡੀਗੜ੍ਹ 
ਚੰਡੀਗੜ੍ਹ, 8 ਜੂਨ: ਪਿਛਲੇ ਦਿਨੀ ਹੋਈਆਂ ਲੋਕ ਸਭਾ ਚੋਣਾਂ ਦੇ ਦੌਰਾਨ ਸੂਬੇ ਦੀ ਸੱਤਾਧਾਰੀ ਪਾਰਟੀ ਨੂੰ ਬਠਿੰਡਾ ਅਤੇ ਫਰੀਦਕੋਟ ਵਿੱਚ ਮਿਲੀ ਅਣਕਿਆਸੀ ਹਾਰ ਦੇ ਕਾਰਨਾਂ ਦੀ ਜਾਂਚ ਲਈ ਤੇ ਮੰਥਨ ਲਈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਦੇ ਵਿੱਚ ਇਹਨਾਂ ਦੋਨਾਂ ਲੋਕ ਸਭਾ ਹਲਕਿਆਂ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ,  ਮੰਤਰੀਆਂ , ਚੇਅਰਮੈਨ ਅਤੇ ਜਿਲਾ ਅਹੁਦੇਦਾਰਾਂ ਨੂੰ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਮੀਟਿੰਗ ਦੇ ਵਿੱਚ ਦੋਨੋਂ ਹਲਕਿਆਂ ਦੇ ਉਮੀਦਵਾਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਕਰਮਜੀਤ ਸਿੰਘ ਅਨਮੋਲ ਵੀ ਹਾਜ਼ਰ ਰਹਿਣਗੇ।
ਦੱਸਣਾ ਬਣਦਾ ਹੈ ਕਿ ਇਹਨਾਂ ਦੋਨਾਂ ਹਲਕਿਆਂ ਦੀ ਜਿੱਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਾਫੀ ਮਿਹਨਤ ਕੀਤੀ ਗਈ ਸੀ। ਜਿੱਥੇ ਫਰੀਦਕੋਟ ਰਿਜਰਵ ਹਲਕੇ ਦੇ ਵਿੱਚ ਉਹਨਾਂ ਦੇ ਨਜ਼ਦੀਕੀ ਦੋਸਤ ਕਰਮਜੀਤ ਅਨਮੋਲ ਚੋਣ ਲੜ ਰਹੇ ਸਨ, ਉੱਥੇ ਬਠਿੰਡਾ ਹਲਕੇ ਦੇ ਵਿੱਚ ਬਾਦਲਾਂ ਨੂੰ ਹਰਾਉਣ ਦੇ ਲਈ ਇਲਾਕੇ ਦੇ ਪ੍ਰਭਾਵਸ਼ਾਲੀ ਮੰਤਰੀ ਗੁਰਮੀਤ ਸਿੰਘ ਗੁੱਡੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਸੀ। ਹਾਲਾਂਕਿ ਫਰੀਦਕੋਟ ਦੇ ਵਿੱਚ ਕਰਮਜੀਤ ਸਿੰਘ ਅਨਮੋਲ ਦੀ ਪਹਿਲਾਂ ਜਿੱਤ ਯਕੀਨੀ ਮੰਨੀ ਜਾ ਰਹੀ ਸੀ ਪ੍ਰੰਤੂ ਅਖੀਰਲੇ ਦਿਨਾਂ ਦੇ ਵਿੱਚ ਚੱਲੀ ਪੰਥਕ ਲਹਿਰ ਦੇ ਕਾਰਨ ਇਥੋਂ ਖੜੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲਿਆ ਸੀ। ਜਿਸ ਕਾਰਨ ਕਰਮਜੀਤ ਅਨਮੋਲ ਨੂੰ ਕਰੀਬ 70 ਹਜਾਰ ਵੋਟਾਂ ਦੇ ਅੰਤਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਵੱਡੀ ਗੱਲ ਇਹ ਵੀ ਹੈ ਕਿ ਲੋਕ ਸਭਾ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਸਿਰਫ ਫਰੀਦਕੋਟ ਅਤੇ ਕੋਟਕਪੂਰਾ ਨੂੰ ਛੱਡ ਬਾਕੀ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸੇ ਤਰ੍ਹਾਂ ਜੇਕਰ ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਜੇਤੂ ਰਹੇ ਸਨ। ਪ੍ਰੰਤੂ ਵਿਧਾਨ ਸਭਾ ਹਲਕਾ ਸਰਦੂਰਗੜ੍ਹ, ਮਾਨਸਾ ਤੇ ਮੌੜ ਨੂੰ ਛੱਡ ਬਾਕੀ ਅੱਧੀ ਦਰਜਨ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵੱਡੀ ਗੱਲ ਇਹ ਵੀ ਹੈ ਕਿ ਆਪ ਉਮੀਦਵਾਰ ਦੇ ਆਪਣੇ ਵਿਧਾਨ ਸਭਾ ਹਲਕੇ ਲੰਬੀ ਦੇ ਵਿੱਚ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਕਰੀਬ 23 ਹਜ਼ਾਰ ਵੋਟਾਂ ਦੀ ਲੀਡ ਲੈਣ ਵਿੱਚ ਸਫਲ ਰਹੀ।
ਇਸੇ ਤਰ੍ਹਾਂ ਵਿਧਾਇਕ ਜਗਸੀਰ ਸਿੰਘ ਦੇ ਹਲਕਾ ਭੁੱਚੋ ਮੰਡੀ, ਬਠਿੰਡਾ ਦਿਹਾਤੀ ਅਤੇ ਬੁਢਲਾਡਾ ਹਲਕੇ ਦੇ ਵਿਧਾਇਕ ਤੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਬੁਧਰਾਮ ਦੇ ਹਲਕੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਮਿਲੀ ਹੈ। ਬਠਿੰਡਾ ਦਿਹਾਤੀ ਹਲਕੇ ਦੇ ਵਿੱਚ ਦੇ ਵਿਧਾਇਕ ਅਮਿਤ ਰਤਨ ਦੇ ਭਰਿਸ਼ਟਾਚਾਰ ਦੇ ਮਾਮਲੇ ਵਿੱਚ ਗਿਰਫਤਾਰ ਹੋਣ ਤੋਂ ਬਾਅਦ ਪਾਰਟੀ ਵੱਲੋਂ ਇਸ ਹਲਕੇ ਦੀ ਕਮਾਂਡ ਸਾਬਕਾ ਜਿਲਾ ਪ੍ਰਧਾਨ ਅੰਮ੍ਰਿਤ ਲਾਲ ਅਗਰਵਾਲ, ਲੋਕ ਸਭਾ ਹਲਕਾ ਇੰਚਾਰਜ ਰਕੇਸ਼ ਪੁਰੀ ਅਤੇ ਮੌਜੂਦਾ ਜਿਲਾ ਪ੍ਰਧਾਨ ਜਤਿੰਦਰ ਭੱਲਾ ਨੂੰ ਦਿੱਤੀ ਗਈ ਸੀ ਪ੍ਰੰਤੂ ਉਹ ਵੀ ਹਲਕੇ ਦੇ ਵੋਟਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਨ ਵਿੱਚ ਅਸਫਲ ਰਹੇ।

Related posts

ਪਿੰਡ ਪੱਧਰ ’ਤੇ ਕੈਂਪ ਲਗਾ ਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਜਾਵੇ ਜਾਗਰੂਕ :ਡਿਪਟੀ ਕਮਿਸ਼ਨਰ

punjabusernewssite

ਪ੍ਰਸ਼ਾਸਨ ਵੱਲੋਂ ਮਿਉਂਸਪਲ ਮੁਲਾਜ਼ਮਾਂ ਨੂੰ 31 ਜਨਵਰੀ ਨੂੰ ਗੱਲਬਾਤ ਦਾ ਦਿੱਤਾ ਸੱਦਾ

punjabusernewssite

ਬਠਿੰਡਾ ਵਿੱਚ ਨਗਰ ਨਿਗਮ ਦੀ ਟੀਮ ਨੇ ਨਜਾਇਜ਼ ਇਮਾਰਤਾਂ ’ਤੇ ਚਲਾਇਆ ਪੀਲਾ ਪੰਜਾ

punjabusernewssite