ਸੁਖਬੀਰ ਬਾਦਲ ਧੜੇ ਨੇ ਉਮੀਦਵਾਰ ਦੀ ਹਿਮਾਇਤ ਵਾਪਸ ਲਈ, ਵਿਰੋਧੀ ਧੜਾ ਚੋਣ ਲੜਣ ਲਈ ਬਜਿੱਦ
ਜਲੰਧਰ, 27 ਜੂਨ: ਲਗਾਤਾਰ ਮਿਲ ਰਹੀਆਂ ਹਾਰਾਂ ਤੋਂ ਬਾਅਦ ਦੁਫ਼ਾੜ ਹੋਣ ਦੇ ਕਿਨਾਰੇ ’ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਲਈ ਹੁਣ ਜਲੰਧਰ ਉਪ ਚੌਣ ਨੂੰ ਲੈ ਕੇ ‘ਹਾਸੋਹੀਣੀ’ ਸਥਿਤੀ ਬਣ ਗਈ ਹੈ। ਇਸ ਹਲਕੇ ਤੋਂ ਪਾਰਟੀ ਵੱਲੋਂ ਕੌਸਲਰ ਸੁਰਜੀਤ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਤੇ ਇੱਕ ਪਾਸੇ ਜਿੱਥੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਬੀ ਸੁਰਜੀਤ ਕੌਰ ਤੋਂ ਹਿਮਾਇਤ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ, ਊਥੇ ਦੂਜੇ ਪਾਸੇ ਬਾਗੀ ਧੜਾ ਇਹ ਚੋਣ ਲੜਣ ਲਈ ਪੂਰੀ ਤਰ੍ਹਾਂ ਬਜਿੱਦ ਦਿਖ਼ਾਈ ਦੇ ਰਿਹਾ। ਦਸਣਾ ਬਣਦਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਉਪਰ ਹੀ ਇਸ ਹਲਕੇ ਤੋਂ ਉਮੀਦਵਾਰ ਦੀ ਖ਼ੋਜ ਲਈ ਬੀਬੀ ਜੰਗੀਰ ਕੌਰ ਦੀ ਅਗਵਾਈ ਹੇਠ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਡਾ. ਸੁਖਵਿੰਦਰ ਸੁੱਖੀ ਅਤੇ ਮਹਿੰਦਰ ਸਿੰਘ ਕੇਪੀ ਨੂੰ ਵੀ ਸ਼ਾਮਲ ਕੀਤਾ ਗਿਆ ਸੀ।
ਪੰਜਾਬ ਦੇ ਇੱਕ ਕੈਬਨਿਟ ਮੰਤਰੀ ਨੇ ਆਪਣੇ ਅਹੁੱਦੇ ਤੋਂ ਦਿੱਤਾ ਅਸਤੀਫ਼ਾ
ਇਸ ਕਮੇਟੀ ਵੱਲੋਂ ਪੰਥਕ ਪਿਛੋਕੜ ਵਾਲੀ ਕੌਂਸਲਰ ਸੁਰਜੀਤ ਕੌਰ ਪਤਨੀ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਜਿਸਤੋਂ ਬਾਅਦ ਨਾ ਸਿਰਫ਼ ਬੀਬੀ ਸੁਰਜੀਤ ਕੌਰ ਦੀ ਉਮੀਦਵਾਰੀ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਤ ਸੋਸਲ ਮੀਡੀਆ ਅਕਾਊੁਂਟ ਉਪਰ ਕੀਤਾ ਗਿਆ, ਬਲਕਿ ਉਨ੍ਹਾਂ ਨੂੰ ਪਾਰਟੀ ਚੋਣ ਨਿਸ਼ਾਨ ਤੇ ਚਿੱਠੀ ਵੀ ਦਿੱਤੀ ਗਈ। ਪ੍ਰੰਤੂ ਹੁਣ ਅਚਾਨਕ ਸੁਖਬੀਰ ਧੜੇ ਵੱਲੋਂ ਲਏ ‘ਯੂ-ਟਰਨ’ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਪਈਆਂ ਹਨ। ਹਾਲਾਂਕਿ ਇਸ ਹਲਕੇ ਵਿਚ ਅਕਾਲੀ ਦਲ ਦਾ ਵੱਡਾ ਆਧਾਰ ਨਹੀਂ ਅਤੇ ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਵਿਚ ਇੱਥੋਂ ਪਾਰਟੀ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਨੂੰ ਸਿਰਫ਼ 2623 ਵੋਟਾਂ ਪਈਆਂ ਸਨ ਪ੍ਰੰਤੂ ਸਿਆਸੀ ਮਾਹਰਾਂ ਦਾ ਦਾਅਵਾ ਹੈ ਕਿ ਜੇਕਰ ਅਕਾਲੀ ਦਲ ਹੁਣ ਆਪਣਾ ਉਮੀਦਵਾਰ ਖ਼ੜਾ ਨਹੀਂ ਕਰਦਾ ਤਾਂ ਇਸਦਾ ਫ਼ਾਈਦਾ ਭਾਰਤੀ ਜਨਤਾ ਪਾਰਟੀ ਨੂੰ ਪੁੱਜ ਸਕਦਾ ਹੈ ਤੇ ਦੂਜਾ ਪੰਜਾਬ ਦੀ ਸਭ ਤੋਂ ਪੁਰਾਤਨ ਪਾਰਟੀ ਵੱਲੋਂ ਇਸ ਤਰ੍ਹਾਂ ਚੋਣ ਮੈਦਾਨ ਵਿਚੋਂ ਭੱਜਣਾ ਸਿਆਸੀ ਤੌਰ ’ਤੇ ਵੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਪੁਲਿਸ ਮੁਲਾਜਮਾਂ ’ਤੇ ਨੌਜਵਾਨ ਦਾ ਗਲਾ ਘੁੱਟ ਕੇ ਕ+ਤਲ ਕਰਨ ਦੇ ਦੋਸ਼ ਲਗਾਉਂਦਿਆਂ ਥਾਣੇ ਅੱਗੇ ਦਿੱਤਾ ਧਰਨਾ
ਅਕਾਲੀ ਦਲ ਦੇ ਅੰਦਰੂਨੀ ਹਲਕਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਬੀਬੀ ਸੁਰਜੀਤ ਕੌਰ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਹੋਰਾਂ ਦੀ ਪਸੰਦ ਹਨ ਤੇ ਹੁਣ ਮੌਜੂਦਾ ਸਮੇਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੀ ਕੁਰਸੀ ਤੋਂ ਉਤਾਰਨ ਵਾਲਿਆਂ ਵਿਚ ਉਹ ਮੋਹਰੀ ਭੂਮਿਕਾ ਨਿਭਾ ਰਹੇ ਹਨ। ਜੰਗੀਰ ਕੌਰ ਧੜੇ ਦਾ ਕਹਿਣਾ ਹੈ ਕਿ ਪਾਰਟੀ ਦਾ ਚੋਣ ਨਿਸ਼ਾਨ ਸੁਰਜੀਤ ਕੌਰ ਕੋਲ ਹੈ ਤੇ ਉਹ ਪੂਰੇ ਜੋਰਾਂ-ਸੋਰਾਂ ਨਾਲ ਮੈਦਾਨ ਵਿਚ ਨਿੱਤਰੇ ਹੋਏ ਹਨ ਤੇ ਬਾਗੀ ਧੜੇ ਵੱਲੋਂ ਵੀ ਹੁਣ ਉਨ੍ਹਾਂ ਦੀ ਖੁੱਲ ਕੇ ਹਿਮਾਇਤ ਕਰਨ ਦਾ ਫੈਸਲਾ ਲਿਆ ਗਿਆ। ਪਾਰਟੀ ਪ੍ਰਧਾਨ ਦੇ ਸਿਆਸੀ ਸਕੱਤਰ ਤੇ ਬਾਗੀ ਆਗੂ ਚਰਨਜੀਤ ਸਿੰਘ ਬਰਾੜ ਨੇ ਐਲਾਨ ਕੀਤਾ ਹੈ ਕਿ ‘‘ ਕਿਸੇ ਵੀ ਹਾਲਾਤ ਵਿਚ ਸੁਰਜੀਤ ਕੌਰ ਦੀ ਉਮੀਦਵਾਰੀ ਵਾਪਸ ਨਹੀਂ ਲਈ ਜਾਵੇਗੀ ਤੇ ਲੋਕ ਸਭਾ ਚੋਣਾਂ ਦੇ ਮੁਕਾਬਲੇ ਉਪ ਚੋਣ ਵਿਚ ਉਨ੍ਹਾਂ ਦੀ ਵੋਟ ਨੂੰ ਵਧਾਉਣ ਦੇ ਪੂਰੇ ਯਤਨ ਕੀਤੇ ਜਾਣਗੇ। ’’
Share the post "ਜਲੰਧਰ ਉਪ ਚੋਣ:ਅਕਾਲੀ ਦਲ ਦੀ ਸਥਿਤੀ ‘ਸੱਪ ਦੇ ਮੂੰਹ ’ਚ ਕੋਹੜ ਕਿਰਲੀ ਵਾਲੀ ਹੋਈ’"