ਜਲੰਧਰ, 9 ਜੁਲਾਈ: ਆਪ ਦੇ ਸਿਟਿੰਗ ਵਿਧਾਇਕ ਤੇ ਹੁਣ ਭਾਜਪਾ ਉਮੀਦਵਾਰ ਸ਼ੀਤਲ ਅੰਗਰਾਲ ਵੱਲੋਂ ਅਸਤੀਫ਼ਾ ਦੇਣ ਕਾਰਨ ਭਲਕੇ 10 ਜੁਲਾਈ ਨੂੰ ਹੋਣ ਜਾ ਰਹੀ ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ’ਤੇ ਪੰਜਾਬੀਆਂ ਦੀਆਂ ਨਿਗਾਵਾਂ ਟਿਕ ਗਈਆਂ ਹਨ। ਇਸ ਉਪ ਚੋਣ ਲਈ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੋਣ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਚੋਣਾਂ ਲਈ ਸਮੂਹ ਪੋਲੰਗ ਸਟਾਫ਼ ਰਵਾਨਾ ਕਰ ਦਿੱਤਾ ਹੈ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੂਜੇ ਪਾਸੇ ਵੋਟਾਂ ਪੈਣ ਦੇ ਕੰਮ ਵਿਚ ਕੁੱਝ ਘੰਟੇ ਹੀ ਰਹਿਣ ਜਾਣ ਕਾਰਨ ਸਿਆਸੀ ਧਿਰਾਂ ਵੱਲੋਂ ਕੱਲੇ-ਕੱਲੇ ਵੋਟਰ ਤੱਕ ਪਹੁੰਚ ਕਰਕੇ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇੰਨ੍ਹਾਂ ਚੋਣਾਂ ਵਿਚ ਬੇਸ਼ੱਕ ਕੁੱਲ ਇੱਕ ਦਰਜ਼ਨ ਤੋਂ ਵੱਧ ਉਮੀਦਵਾਰ ਮੈਦਾਨ ਵਿਚ ਨਿੱਤਰੇ ਹੋਏ ਹਨ ਪ੍ਰੰਤੂ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਮੁਕਾਬਲਾ ਤਿੰਨ ਧਿਰੀ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਕਾਰ ਬਣਦਾ ਜਾਪ ਰਿਹਾ।
ਹੁਣ ਭਾਜਪਾ ਦੇ Ex ਸੂਬਾ ਪ੍ਰਧਾਨ ਨੂੰ ਮਿਲੀ ਧਮਕੀ,ਪਹਿਲਾਂ ਚਾਰ ਹੋਰ ਆਗੂਆਂ ਨੂੰ ਮਿਲ ਚੁੱਕੀ ਹੈ ਧਮਕੀ ਭਰੀ ਚਿੱਠੀ
ਇੰਨ੍ਹਾਂ ਤਿੰਨਾਂ ਹੀ ਪ੍ਰਮੁੱਖ ਪਾਰਟੀਆਂ ਦੀ ਸਿਆਸੀ ਸਾਖ਼ ਦਾਅ ’ਤੇ ਲੱਗੀ ਹੋਈ ਹੈ। ਆਪ ਜਿੱਥੇ 2022 ਦੀ ਤਰ੍ਹਾਂ ਮੁੜ ਇਸ ਹਲਕੇ ਦੀ ਚੋਣ ਜਿੱਤਣੀ ਚਾਹੁੰਦੀ ਹੈ, ਉਥੇ ਲੋਕ ਸਭਾ ਚੋਣਾਂ ਵਿਚ ਮਿਲੀ ਬੜਤ ਤੋਂ ਉਤਸ਼ਾਹਤ ਕਾਂਗਰਸ ਇਸ ਉਪ ਚੋਣ ’ਚ ਜਿੱਤ ਹਾਸਲ ਕਰਕੇ ਪੰਜਾਬ ਦੀ ਸਿਆਸਤ ਵਿਚ ਮੋੜਾ ਪਾਉਣਾ ਚਾਹੁੰਦੀ ਹੈ। ਇਸੇ ਤਰ੍ਹਾਂ ਭਾਜਪਾ ਵੀ ਇਹ ਚੋਣ ਜਿੱਤ ਕੇ ਸਾਲ 2027 ਦੀ ਨੀਂਹ ਰੱਖਣ ਲਈ ਤਰਲੋਂ ਮੱਛੀ ਹੁੰਦੀ ਦਿਖ਼ਾਈ ਦੇ ਰਹੀ ਹੈ। ਇੰਨ੍ਹਾਂ ਪਾਰਟੀਆਂ ਲਈ ਇਸ ਉਪ ਚੋਣ ਦੀ ਕਿੰਨੀ ਮਹੱਤਤਾ ਹੈ, ਉਹ ਇੱਥੇ ਹੋਏ ਚੋਣ ਪ੍ਰਚਾਰ ਤੋਂ ਸਾਫ਼ ਝਲਕਦੀ ਹੈ। ਸੱਤਾਧਿਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਆਪਣੀ ਪੂਰੀ ਤਾਕਤ ਝੋਕੀ ਹੈ। ਉਨ੍ਹਾਂ ਜਲੰਧਰ ਵਿਚ ਆਪਣੀ ਆਰਜ਼ੀ ਰਿਹਾਇਸ਼ ਤਬਦੀਲ ਕਰ ਲਈ ਅਤੇ ਸਮੂਹ ਮੰਤਰੀਆਂ, ਵਿਧਾਇਕਾਂ ਤੇ ਚੇਅਰਮੈਨਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ।
ਕਿਸਾਨ ਸ਼ੁਭਕਰਨ ਦੇ ਪ੍ਰਵਾਰ ਨੂੰ CM Mann ਨੇ ਸੌਂਪਿਆ 1 ਕਰੋੜ ਦਾ ਚੈੱਕ ਤੇ ਭੈਣ ਨੂੰ ਦਿੱਤੀ ਸਰਕਾਰੀ ਨੌਕਰੀ
ਦੂਜੇ ਪਾਸੇ ਕਾਂਗਰਸ ਪਾਰਟੀ ਦੇ ਆਗੂ ਵੀ ਇਸ ਉੱਪ ਚੋਣ ਨੂੰ ਲੈ ਕੇ ਇੱਕਜੁਟ ਨਜ਼ਰ ਆਏ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਹਿਤ ਸਮੁੱਚੀ ਲੀਡਰਸ਼ਿਪ ਵੱਲੋਂ ਇਸ ਚੋਣ ਨੂੰ ਆਪਣੀ ਚੋਣ ਬਣਾ ਕੇ ਲੜਿਆ ਜਾ ਰਿਹਾ। ਇਸੇ ਤਰ੍ਹਾਂ ਭਾਜਪਾ ਨੇ ਵੀ ਇੱਥੇ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਸਮੁੱਚੀ ਲੀਡਰਸ਼ਿਪ ਸਹਿਤ ਪਾਰਟੀ ਦੇ ਵਰਕਰਾਂ ਵੱਲੋਂ ਵੀ ਜਿੱਤ ਲਈ ਪੂਰੀ ਭੱਜਦੋੜ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਆਪਣੀ ਹੋਂਦ ਦੀ ਲੜਾਈ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਉਪ ਚੋਣ ਦੇ ਨਤੀਜ਼ੇ ਕਾਫ਼ੀ ਪ੍ਰਭਾਵਿਤ ਕਰਨਗੇ।
NIA ਦੀ ਵੱਡੀ ਕਾਰਵਾਈ: ਗੁਰਪਤਵੰਤ ਪੰਨੂੰ ਤੇ SFJ ’ਤੇ 5 ਸਾਲਾਂ ਲਈ ਬੈਨ ਵਧਾਇਆ
ਹਾਲਾਂਕਿ ਪਾਰਟੀ ਪ੍ਰਧਾਨ ਨੇ ਇੱਥੋਂ ਮੈਦਾਨ ਵਿਚ ਉਤਾਰੀ ਸੁਰਜੀਤ ਕੌਰ ਤੋਂ ਆਪਣਾ ਸਮਰਥਨ ਵਾਪਸ ਲੈ ਕੇ ਬਸਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਪ੍ਰੰਤੂ ਸੁਖਬੀਰ ਬਾਦਲ ਤੋਂ ਪ੍ਰਧਾਨਗੀ ਦਾ ਅਸਤੀਫ਼ਾ ਮੰਗ ਰਹੇ ਬਾਗੀ ਧੜਾ ਪੂੁਰੀ ਤਰ੍ਹਾਂ ਤੱਕੜੀ ਨਿਸ਼ਾਨ ’ਤੇ ਚੋਣ ਲੜ ਰਹੀ ਇਸ ਬੀਬੀ ਦੇ ਹੱਕ ਵਿਚ ਪੂਰੀ ਤਰ੍ਹਾਂ ਡਟ ਗਿਆ ਹੈ। ਹਾਲਾਂਕਿ ਅਕਾਲੀ ਦਲ ਮੁਕਾਬਲੇ ਵਿਚ ਨਹੀਂ ਲੱਗ ਰਿਹਾ ਪ੍ਰੰਤੂ ਇੱਥੋਂ ਉਮੀਦਵਾਰ ਨੂੰ ਪਈ ਵੋਟ ਸੁਖਬੀਰ ਤੇ ਬਾਗੀ ਧੜੇ ਦੀ ਭਵਿੱਖੀ ਰਣਨੀਤੀ ਤੈਅ ਕਰੇਗੀ। ਪਿਛਲੀਆਂ ਲੋਕ ਸਭਾ ਚੌਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਨੂੰ ਜਲੰਧਰ ਪੱਛਮੀ ਹਲਕੇ ਤੋਂ ਸਿਰਫ਼ 2623 ਵੋਟ ਪਈ ਸੀ। ਹੁਣ ਬਾਗੀ ਧੜੇ ਦੀ ਪੂਰੀ ਕੋਸ਼ਿਸ਼ ਇਸ ਹਲਕੇ ਤੋਂ ਸੁਖਬੀਰ ਬਾਦਲ ਦੀ ਵਿਰੋਧਤਾ ਦੇ ਬਾਵਜੂਦ ਸਨਮਾਨਯੋਗ ਵੋਟ ਹਾਸਲ ਕਰਨਾ ਹੈ। ਹੁਣ ਦੇਖਣਾ ਹੋਵੇਗਾ ਕਿ ਭਲਕੇ ਪੈਣ ਜਾ ਰਹੀਆਂ ਵੋਟਾਂ ਤੋਂ ਬਾਅਦ ਇਸ ਉਪ ਚੋਣ ਦੇ 13 ਜੁਲਾਈ ਨੂੰ ਸਾਹਮਣੇ ਆ ਰਹੇ ਨਤੀਜਿਆਂ ਵਿਚ ਕਿਸ ਦੀ ਕਿਸਮਤ ਚਮਕਦੀ ਹੈ।
Share the post "ਜਲੰਧਰ ਉਪ ਚੋਣ ਭਲਕੇ:ਤਿਆਰੀਆਂ ਮੁਕੰਮਲ,ਆਪ,ਕਾਂਗਰਸ ਤੇ ਭਾਜਪਾ ਦੀ ਸਾਖ਼ ਦਾਅ ’ਤੇ"