ਅੰਮ੍ਰਿਤਸਰ/ਜਲੰਧਰ/ਫ਼ਿਰੋਜਪੁਰ, 18 ਜੁਲਾਈ: ਕੌਮੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਟਕਦੇ ਕਿਸਾਨ ਮਸਲਿਆਂ ਦੇ ਹੱਲ ਲਈ ਮੁੜ ਦੇਸ਼ ਭਰ ਵਿੱਚ ਘੋਲ ਸ਼ੁਰੂ ਕਰਨ ਦੇ ਪਹਿਲੇ ਪੜਾਅ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੁਆਰਾ ਅੱਜ ਦੂਜੇ ਦਿਨ ਵੀ 3 ਜ਼ਿਲਿ੍ਹਆਂ ਦੇ ਕਿਸਾਨਾਂ ਵੱਲੋਂ ਪੰਜਾਬ ਦੇ 3 ਹੋਰ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਗੁਰਜੀਤ ਸਿੰਘ ਔਜਲਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪੀ. ਏ. ਸੁਖਵੰਤ ਸਿੰਘ ਰਾਹੀਂ , ਚਰਨਜੀਤ ਸਿੰਘ ਚੰਨੀ ਨੂੰ ਜ਼ਿਲ੍ਹਾ ਜਲੰਧਰ ਅਤੇ ਸ਼ੇਰ ਸਿੰਘ ਘੁਬਾਇਆ ਨੂੰ ਜ਼ਿਲ੍ਹਾ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਕਿਸਾਨਾਂ ਵੱਲੋਂ ਜਨਤਕ ਵਫਦਾਂ ਰਾਹੀਂ ਮੰਗ ਪੱਤਰ ਸੌਂਪੇ ਗਏ।
ਬਠਿੰਡਾ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਨੇ ਹਰਸਿਮਰਤ ਕੌਰ ਬਾਦਲ ਨੂੰ ਨੁਮਾਇੰਦੇ ਰਾਹੀਂ ਸੌਪਿਆਂ ਮੰਗ ਪੱਤਰ
ਉਨ੍ਹਾਂ ਕਿਹਾ ਕਿ ਦਿੱਲੀ ਘੋਲ ਦੀ ਸ਼ਾਨਦਾਰ ਜਿੱਤ ਮਗਰੋਂ ਇਸਨੂੰ ਮੁਲਤਵੀ ਕਰਨ ਸਮੇਂ ਐੱਸ ਕੇ ਐੱਮ ਨਾਲ 9-12-2021 ਨੂੰ ਕੇਂਦਰੀ ਖੇਤੀਬਾੜੀ ਸਕੱਤਰ ਦੇ ਦਸਖਤਾਂ ਹੇਠ ਕੀਤੇ ਗਏ ਲਿਖਤੀ ਵਾਅਦਿਆਂ ਤੋਂ ਭੱਜ ਰਹੀ ਮੋਦੀ ਸਰਕਾਰ ਵਿਰੁੱਧ ਮੰਗ ਪੱਤਰ ਸੌਂਪਣ ਤੋਂ ਪਹਿਲਾਂ ਅੱਜ ਵੀ ਔਰਤਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਵਾਲੀਆਂ ਵਿਸ਼ਾਲ ਰੋਸ ਰੈਲੀਆਂ ਕੀਤੀਆਂ ਗਈਆਂ। ਕਿਸਾਨ ਵਫਦਾਂ ਵੱਲੋਂ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਨੂੰ ਲੋਕ ਸਭਾ ਦੇ ਆ ਰਹੇ ਬਜਟ ਇਜਲਾਸ ਵਿੱਚ ਕੇਂਦਰੀ ਭਾਜਪਾ ਸਰਕਾਰ ਸਾਹਮਣੇ ਰੱਖਣ ਦੀ ਅਪੀਲ ਸੰਸਦ ਮੈਂਬਰਾਂ ਨੂੰ ਕੀਤੀ ਗਈ, ਜਿਸਦਾ ਉਨ੍ਹਾਂ ਵੱਲੋਂ ਹਾਂ ਪੱਖੀ ਹੁੰਗਾਰਾ ਭਰਿਆ ਗਿਆ। ਵੱਖ ਵੱਖ ਥਾਵਾਂ ’ਤੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ (ਅੰਮ੍ਰਿਤਸਰ), ਮੋਹਨ ਸਿੰਘ ਨਕੋਦਰ (ਜਲੰਧਰ), ਗੁਰਭੇਜ ਸਿੰਘ ਰੋਹੀਵਾਲਾ (ਫਾਜ਼ਿਲਕਾ) ਅਤੇ ਮਹਿੰਦਰ ਸਿੰਘ ਗਿੱਲ (ਫਿਰੋਜ਼ਪੁਰ) ਸਮੇਤ ਹੋਰ ਸਰਗਰਮ ਆਗੂ ਸ਼ਾਮਲ ਸਨ।
Share the post "ਉਗਰਾਹਾ ਜਥੇਬੰਦੀ ਵੱਲੋਂ ਦੂਜੇ ਦਿਨ ਤਿੰਨ ਹੋਰ ਸੰਸਦ ਮੈਂਬਰਾਂ ਨੂੰ ਜਨਤਕ ਵਫਦਾਂ ਦੁਆਰਾ ਸੌਂਪੇ ਮੰਗ ਪੱਤਰ"