30 Views
ਜਲਦੀ ਹੀ ਜਥੇਦਾਰਾਂ ਦੀ ਮੀਟਿੰਗ ਹੋਣ ਦੀ ਸੰਭਾਵਨਾ
ਸ੍ਰੀ ਅਮ੍ਰਿੰਤਸਰ ਸਾਹਿਬ, 5 ਅਗਸਤ: ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ੀਨਾਮਾ ਦੇਣ ਅਤੇ ਹੋਰਨਾਂ ਪੰਥਕ ਭੁੱਲਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਵਾਬ ਵਿੱਚ ਦਿੱਤਾ ਗਿਆ ਪੱਤਰ ਹੁਣ ਜਨਤਕ ਹੋ ਗਿਆ ਹੈ। ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਕੀਤੀ ਗਈ ਸ਼ਿਕਾਇਤ ਦੇ ਬਾਅਦ ਲੰਘੀ 15 ਜੁਲਾਈ ਨੂੰ ਸਿੰਘ ਸਾਹਿਬਾਨਾਂ ਨੇ ਮੀਟਿੰਗ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਸੀ।
ਜਿਸ ਤੋਂ ਬਾਅਦ ਸ: ਬਾਦਲ ਨੇ 24 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੁੰਦਿਆਂ ਇੱਕ ਲਿਫਾਫਾ ਬੰਦ ਪੱਤਰ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ ਸੀ। ਪਿਛਲੇ ਕਈ ਦਿਨਾਂ ਤੋਂ ਇਸ ਪੱਤਰ ਨੂੰ ਜਨਤਕ ਕਰਨ ਦੀ ਮੰਗ ਉੱਠ ਰਹੀ ਸੀ ਅਤੇ ਅੱਜ ਇਹ ਪੱਤਰ ਅਚਾਨਕ ਸੋਸ਼ਲ ਮੀਡੀਆ ‘ਤੇ ਵਾਈਰਲ ਹੋਣ ਲੱਗਾ ਹੈ। ਇਸ ਪੱਤਰ ਦੇ ਵਿੱਚ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਪਿਤਾ ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਬਾਰਾ ਸਾਲ 2015 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੇ ਪੱਤਰ ਦਾ ਹਵਾਲਾ ਦੇ ਕੇ ਬਚਣ ਦੀ ਕੋਸ਼ਿਸ਼ ਕੀਤੀ ਗਈ ਹੈ,
ਉੱਥੇ ਨਾਲ ਹੀ ਉਹਨਾਂ ਅਕਾਲੀ ਸਰਕਾਰ ਦੌਰਾਨ ਹੋਈਆਂ ਸਾਰੀਆਂ ਗਲਤੀਆਂ ਨੂੰ ਆਪਣੀ ਝੋਲੀ ਵਿੱਚ ਪਾਉਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਜਾਣ ਵਾਲੀ ਕਿਸੇ ਵੀ ਪੰਥਕ ਸਜ਼ਾ ਨੂੰ ਖਿੜੇ ਮੱਥੇ ਸਵੀਕਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸਣਾ ਬਣਦਾ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਕੀਤੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਪੰਥਕ ਅਤੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਸ ਮਾਫੀਨਾਮੇ ਨੂੰ ਲੈ ਕੇ ਡੇਰਾ ਸਰਸਾ ਦੇ ਸਿਆਸੀ ਵਿੰਗ ਦੇ ਮੁਖੀ ਰਹੇ ਤੇ ਬੇਅਦਬੀ ਕਾਂਡ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪ੍ਰਦੀਪ ਕਲੇਰ ਨੇ ਸਪਸ਼ਟ ਤੌਰ ‘ਤੇ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਸਾਬਕਾ ਪੁਲਿਸ ਅਧਿਕਾਰੀ ਅਤੇ ਬੇਅਦਬੀ ਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਰਹਿ ਚੁੱਕੇ ਰਣਬੀਰ ਸਿੰਘ ਖਟੜਾ ਵੱਲੋਂ ਵੀ ਬਾਦਲ ਪਰਿਵਾਰ ‘ਤੇ ਉਂਗਲਾਂ ਚੁੱਕੀਆਂ ਗਈਆਂ ਹਨ। ਹੁਣ ਪੰਥਕ ਹਿਤੈਸੀਆਂ ਦੀਆਂ ਨਜ਼ਰਾਂ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਹੋਣ ਵਾਲੀ ਸਿੰਘ ਸਾਹਿਬਾਨਾਂ ਦੀ ਮੀਟਿੰਗ ‘ਤੇ ਟਿਕੀਆਂ ਹੋਈਆਂ ਹਨ।
Share the post "ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਪੱਤਰ ਹੋਇਆ ਜਨਤਕ, ਜਾਣੋਂ ਕੀ ਦਿੱਤਾ ਹੈ ਜਵਾਬ"