ਸੰਗਰੂਰ, 20 ਅਗਸਤ: ਕਿਸੇ ਸਮੇਂ ਸਿੱਖਾਂ ਦੀ ਬੁਲੰਦ ਅਵਾਜ਼ ਦਾ ਦਰਜ਼ਾ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਦਰ ਹੁਣ ਸ਼ੁਰੂ ਹੋਈ ‘ਚੌਧਰ’ ਦੀ ਜੰਗ ਨਿੱਤ ਨਵੇਂ ਮੋੜ ਲੈ ਰਹੀ ਹੈ। ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਵਿੱਢੀ ਮੁਹਿੰਮ ਨੂੰ ਖੁੰਡਾ ਕਰਨ ਲਈ ਬੇਸ਼ੱਕ ਪੁਰਾਣੀ ਨੀਤੀ ਵਰਤਦਿਆਂ ਬਾਦਲ ਹਿਮਾਇਤੀਆਂ ਨੇ ਬਾਗੀ ਧੜੇ ਨੂੰ ਬਾਹਰ ਦਾ ਰਾਸਤਾ ਦਿਖ਼ਾ ਦਿੱਤਾ ਹੈ ਪ੍ਰੰਤੂ ਇਸ ਧੜੇ ਵੱਲੋਂ ਚੁਣੌਤੀ ਪਹਿਲਾਂ ਨਾਲੋਂ ਵੀ ਵਧ ਗਈ ਹੈ। ਹੁਣ ਦੋਨਾਂ ਧੜਿਆਂ ਵੱਲੋਂ ਪੰਥ ’ਚ ਵੱਧ ਮਕਬੂਲੀਅਤ ਨੂੰ ਦਰਸਾਉਣ ਦੇ ਲਈ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸ ਸ਼ਕਤੀ ਪ੍ਰਦਰਸਨ ਦਾ ਸਥਾਨ ਮਰਹੂਮ ਸੰਤ ਹਰਚੰਦ ਸਿੰਘ ਲੋਗੋਂਵਾਲ ਦਾ ਬਰਸੀ ਸਮਾਗਮ ਬਣ ਰਿਹਾ। ਦੋਨਾਂ ਹੀ ਧੜਿਆਂ ਵੱਲੋਂ ਸੰਤ ਲੋਗੋਂਵਾਲ ਦੀ 29ਵੀਂ ਬਰਸੀ ਮੌਕੇ ਵੱਡੇ ਇਕੱਠ ਕਰਨ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ।
ਬਾਗੀ ਧੜੇ ਵੱਲੋਂ ਵਿੱਢੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰੀਜੀਡੀਅਮ ਵਿਚ ਸ਼ਾਮਲ ਆਗੂਆਂ ਵੱਲੋਂ ਸੁਖਬੀਰ ਧੜੇ ਨੂੰ ਹੇਠੀ ਦੇਣ ਦੇ ਲਈ ਪਿਛਲੇ ਕਈ ਦਿਨਾਂ ਤੋਂ ਦਿਨ-ਰਾਤ ਇੱਕ ਕੀਤਾ ਹੋਇਆ। ਜਦੋਂ ਕਿ ਬਾਦਲ ਧੜੇ ਵੱਲੋਂ ਵੀ ਇਸਨੂੰ ਆਪਣੀ ਇੱਜ਼ਤ ਦਾ ਸਵਾਲ ਬਣਾਉਂਦਿਆਂ ਇਕੱਠ ਕਰਨ ਲਈ ਪੂਰੀ ਵਾਹ ਲਗਾ ਦਿੱਤੀ ਹੈ। ਜਿਕਰਯੋਗ ਹੈ ਕਿ ਦੋਨਾਂ ਹੀ ਧੜਿਆਂ ਦੀ ਕੋਸ਼ਿਸ ਇੱਕ ਦੂਜੇ ਨਾਲੋਂ ਵੱਡਾ ਇਕੱਠ ਕਰਕੇ ਇਹ ਜਤਾਉਣ ਦਾ ਦਾਅਵਾ ਕੀਤਾ ਜਾਣਾ ਹੈ ਕਿ ਅਸਲ ਅਕਾਲੀ ਦਲ ਉਨ੍ਹਾਂ ਦੇ ਨਾਲ ਹੈ। ਜਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਈ ਇਹ ਸਿਆਸੀ ਜੰਗ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀ ਪੁੱਜ ਚੁੱਕੀ ਹੈ। ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਪਾਰਟੀ ਪ੍ਰਧਾਨ ’ਤੇ ਅਕਾਲੀ ਸਰਕਾਰ ਦੌਰਾਨ ਹੋਈਆਂ ਬੇਅਦਬੀਆਂ ਤੇ ਵੋਟਾਂ ਹਾਸਲ ਕਰਨ ਲਈ ਡੇਰਾ ਸਿਰਸਾ ਦੇ ਮੁਖੀ ਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਦਿਵਾਉਣ,ਚਰਚਿਤ ਪੁਲਿਸ ਅਫ਼ਸਰ ਸੁਮੈਧ ਸਿੰਘ ਸੈਣੀ ਨੂੰ ਡੀਜੀਪੀ ਬਣਾਉਣ ਆਦਿ ਸਹਿਤ ਕਈ ਹੋਰ ਗੰਭੀਰ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੋਈ ਹੈ
ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ ਵਿੱਚ ਕਦੇ ਪੰਜਾਬ ਦੀ ਗੱਲ ਨਹੀਂ ਕੀਤੀ-ਮੁੱਖ ਮੰਤਰੀ
ਜਿਸਦੇ ਉਪਰ ਹੁਣ 30 ਅਗਸਤ ਨੂੰ ਸਿੰਘ ਸਾਹਿਬਾਨਾਂ ਦੀ ਹੋਣ ਵਾਲੀ ਮੀਟਿੰਗ ਵਿਚ ਕੋਈ ਫੈਸਲਾ ਲਿਆ ਜਾ ਸਕਦਾ। ਬਾਗੀ ਧੜੇ ਵੱਲੋਂ ਸਪੱਸ਼ਟ ਐਲਾਨ ਕੀਤਾ ਗਿਆ ਹੈ ਕਿ ਸੁਖਬੀਰ ਵੱਲੋਂ ਪ੍ਰਧਾਨਗੀ ਛੱਡਣ ਤੋਂ ਬਿਨ੍ਹਾਂ ਉਹ ਵਾਪਸ ਨਹੀਂ ਮੁੜਣਗੇ। ਗੌਰਤਲਬ ਹੈ ਕਿ ਸਾਲ 2015 ਵਿਚ ਪੰਜਾਬ ’ਚ ਧਾਰਮਿਕ ਗਰੰਥਾਂ ਦੀਆਂ ਬੇਅਦਬੀਆਂ ਦੇ ਸ਼ੁਰੂ ਹੋਏ ਦੌਰ ਤੋਂ ਬਾਅਦ ਅਕਾਲੀ ਦਲ ਦਾ ਸਿਆਸੀ ਪਤਨ ਹੁੰਦਾ ਜਾਪ ਰਿਹਾ। ਹਾਲਾਂਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਡੇਢ ਦਰਜ਼ਨ ਦੇ ਕਰੀਬ ਸੀਟਾਂ ਜਿੱਤਣ ਵਿਚ ਸਫ਼ਲ ਰਿਹਾ ਸੀ ਪ੍ਰੰਤੂ ਸਾਲ 2022 ਵਿਚ ਸਿਰਫ਼ ਤਿੰਨ ਸੀਟਾਂ ’ਤੇ ਹੀ ਸਿਮਟ ਗਿਆ, ਜਿਸਦੇ ਵਿਚੋਂ ਹੁਣ ਇੱਕ ਵਿਧਾਇਕ ਡਾ ਸੁੱਖੀ ਪਾਰਟੀ ਛੱਡ ਕੇ ਆਪ ਵਿਚ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾਂ ਲੋਕ ਸਭਾ ਚੋਣਾਂ ਵਿਚ ਵੀ 13 ਵਿਚੋਂ ਇਕੱਲੀ ਹਰਸਿਮਰਤ ਕੌਰ ਬਾਦਲ ਹੀ ਜਿੱਤ ਸਕੀ ਹੈ।
Share the post "ਸੰਤ ਲੋਗੋਂਵਾਲ ਦੀ ਬਰਸੀ ਮੌਕੇ ਅੱਜ ਅਕਾਲੀ ਦਲ ਤੇ ਬਾਗੀ ਧੜਾ ਕਰਨਗੇ ਸ਼ਕਤੀ ਪ੍ਰਦਰਸ਼ਨ"