ਸੁਖਜਿੰਦਰ ਮਾਨ
ਲੰਬੀ 10 ਅਕਤੂਬਰ :ਨਰਮੇ ਅਤੇ ਹੋਰ ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਲਈ ਕੱਲ੍ਹ ਤੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਦੌਰਾਨ ਬਾਦਲ ਮੋਰਚਾ ਅੱਜ ਛੇਵੇਂ ਦਿਨ ਵੀ ਜਾਰੀ ਹੈ । ਕੱਲ ਖਜ਼ਾਨਾ ਮੰਤਰੀ ਦੀ ਕੋਠੀ ਦੇ ਘਿਰਾਓ ਦੌਰਾਨ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਨੇ ਕਿਸਾਨਾਂ ਦੀ ਗੱਲਬਾਤ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਅਤੇ ਵਿੱਤ ਵਿਭਾਗ ਦੇ ਸਕੱਤਰਾਂ ਨਾਲ 13 ਅਕਤੂਬਰ ਨੂੰ ਕਰਵਾਉਣ ਲਈ ਲਿਖਤੀ ਚਿੱਠੀ ਭੇਜੀ ਹੈ । ਇਸ ਸਬੰਧੀ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਗੱਲਬਾਤ ਮੁੱਖ ਮੰਤਰੀ ਨਾਲ ਕਰਨੀ ਹੈ ਜਾਂ ਉਨ੍ਹਾਂ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਸੂਬਾ ਕਮੇਟੀ ਵੱਲੋਂ ਵਿਚਾਰ ਕੇ ਦੱਸਿਆ ਜਾਵੇਗਾ । ਅੱਜ ਮੋਰਚੇ ਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ , ਜ਼ਿਲ੍ਹਾ ਮਾਨਸਾ ਦੇ ਆਗੂ ਜਗਦੇਵ ਸਿੰਘ ਭੈਣੀਬਾਘਾ , ਜ਼ਿਲ੍ਹਾ ਮੁਕਤਸਰ ਦੇ ਆਗੂ ਬਿੱਟੂ ਮੱਲਣ ,ਜ਼ਿਲ੍ਹਾ ਫ਼ਾਜ਼ਿਲਕਾ ਦੇ ਆਗੂ ਜਗਸੀਰ ਸਿੰਘ ,ਜ਼ਿਲ੍ਹਾ ਫ਼ਰੀਦਕੋਟ ਦੇ ਆਗੂ ਮਲਕੀਤ ਸਿੰਘ ਅਤੇ ਔਰਤ ਜਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਚਿਹਰਾ ਬਦਲਣ ਨਾਲ ਹੁਣ ਤੱਕ ਲੋਕਾਂ ਨੂੰ ਸਪੱਸ਼ਟ ਹੋ ਗਿਆ ਹੈ ਕਿ ਨਵੀਂ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀ ਲੋਕਾਂ ਲਈ ਭਲੇ ਦੀ ਕੰਮ ਕਰਨ ਦੀ ਬਜਾਏ ਸਿਰਫ਼ ਫੋਕੀ ਸ਼ੋਹਰਤ ਨਾਲ ਅਖ਼ਬਾਰਾਂ ਟੈਲੀਵਿਜ਼ਨ ਦੀਆਂ ਸੁਰਖੀਆਂ ਬਣਨ ਵਾਲੀਆਂ ਗੱਲਾਂ ਹੀ ਕਰ ਰਹੇ ਹਨ । ਨਵੀਂ ਸਰਕਾਰ ਦੇ ਕੰਮ ਕਰਨ ਦੇ ਕੁਝ ਮਹੀਨੇ ਰਹਿੰਦਿਆਂ ਦੌਰਾਨ ਕੁਝ ਲੋਕਾਂ ਨੂੰ ਆਸਾਂ ਬੱਝੀਆਂ ਸਨ ਨਵੇਂ ਮੁੱਖ ਮੰਤਰੀ ਤੇ ਮੰਤਰੀ ਸ਼ਾਇਦ ਕਿਸਾਨਾਂ ਮਜ਼ਦੂਰਾਂ ਦੇ ਭਲੇ ਲਈ ਕੰਮ ਕਰਨਗੇ । ਪਰ ਹੁਣ ਤੱਕ ਸਪੱਸ਼ਟ ਹੋ ਚੁੱਕਾ ਹੈ ਕਿ ਰਾਜ ਗੱਦੀ ਤੇ ਕੋਈ ਗਰੀਬ ਦਲਿਤ ਦਾ ਚਿਹਰਾ ਪੇਸ ਕਰਕੇ ਬਿਠਾਉਣ ਨਾਲ ਲੋਕਾਂ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ ਅਤੇ ਆਪਣੀਆਂ ਮੰਗਾਂ ਮਸਲਿਆਂ ਦਾ ਇੱਕੋ ਇੱਕ ਹੱਲ ਜਮਾਤੀ ਏਕਤਾ ਅਤੇ ਸੰਘਰਸ਼ ਹੀ ਹੈ । ਉਨ੍ਹਾਂ ਕਿਹਾ ਕਿ ਛੇ ਦਿਨਾਂ ਤੋਂ ਕਿਸਾਨ ਮਜ਼ਦੂਰ ਆਪਣੀ ਫ਼ਸਲ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਲਈ ਸੜਕਾਂ ਤੇ ਰੋ ਰਹੇ ਹਨ , ਬਿਜਲੀ ਸੰਕਟ ਕਾਰਨ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਲਈ ਕਿਸਾਨ ਖੇਤਾਂ ਵਿੱਚ ਉਡੀਕ ਕਰ ਰਹੇ ਹਨ , ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ ਵਿਚ ਰੋ ਰਹੇ ਹਨ ਪਰ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਸੰਬੰਧੀ ਅਜੇ ਕੋਈ ਲੋੜ ਨਹੀਂ ਸਮਝੀ । ਕਿਸਾਨ ਆਗੂਆਂ ਨੇ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਜੋ ਵੱਧ ਤੋਂ ਵੱਧ ਸੰਘਰਸ਼ਾਂ ਦੇ ਮੈਦਾਨਾਂ ਵਿਚ ਆਉਣ ਤਾਂ ਕਿ ਸਰਕਾਰਾਂ ਨੂੰ ਮਜਬੂਰ ਕਰ ਕੇ ਮੰਗਾਂ ਮਸਲਿਆਂ ਦਾ ਹੱਲ ਕਰਵਾਇਆ ਜਾਵੇ ।