ਸੁਖਜਿੰਦਰ ਮਾਨ
ਲੰਬੀ, 12 ਅਕਤੂਬਰ: ਨਰਮੇ ਤੇ ਹੋਰ ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ ।ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਲੱਖੀਰ ਪੁਰ ਖੀਰੀ ( ਯੂ ਪੀ ))ਦੇ ਸ਼ਹੀਦਾਂ ਦਲਜੀਤ ਸਿੰਘ ,ਨਛੱਤਰ ਸਿੰਘ , ਗੁਰਬਿੰਦਰ ਸਿੰਘ ,ਲਵਪ੍ਰੀਤ ਸਿੰਘ ਅਤੇ ਰਮਨ ਕਸ਼ਯਪ ਦੇ ਭੋਗ ਸਮਾਗਮ ਮੌਕੇ ਅੱਜ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਇਲਾਵਾ ਬਾਦਲ ਮੋਰਚੇ ਵਿੱਚ ਬੈਠੇ ਕਿਸਾਨਾਂ ਪ੍ਰਤੀ ਖਜ਼ਾਨਾ ਮੰਤਰੀ ਵੱਲੋਂ ਧਾਰੀ ਚੁੱਪ ਵਿਰੁੱਧ ਅਰਥੀ ਪਿੰਡ ਬਾਦਲ ਦੀ ਸੱਥ ਵਿੱਚ ਸਾੜੀ ਗਈ । ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜ਼ਿਲ੍ਹਾ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਜ਼ਿਲ੍ਹਾ ਫਾਜ਼ਿਲਕਾ ਜਨਰਲ ਸਕੱਤਰ ਗੁਰਬਾਜ ਸਿੰਘ , ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਨੱਥਾ ਸਿੰਘ ਰੋੜੀ ਕਪੂਰਾ ਅਤੇ ਔਰਤ ਜੱਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਕੱਲ 13 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਅਤੇ ਵਿੱਤ ਵਿਭਾਗ ਦੇ ਸਕੱਤਰਾਂ ਨਾਲ ਚੰਡੀਗਡ਼੍ਹ ਵਿਖੇ 11 ਵਜੇ ਕਿਸਾਨ ਆਗੂਆਂ ਨਾਲ ਫਸਲਾਂ ਦੇ ਖਰਾਬੇ ਦੇ ਮੁਆਵਜੇ ਸੰਬੰਧੀ ਮੀਟਿੰਗ ਤੈਅ ਹੋਈ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਅੱਠ ਦਿਨਾਂ ਤੋਂ ਬਾਦਲ ਮੋਰਚੇ ਵਿੱਚ ਕਿਸਾਨਾਂ ਮਜਦੂਰਾਂ ਪ੍ਰਤੀ ਪੰਜਾਬ ਸਰਕਾਰ ਦੇ ਰਵੱਈਏ ਤੋਂ ਜਾਪਦਾ ਹੈ ਕਿ ਮੀਟਿੰਗ ਦੇ ਸਿੱਟੇ ਚੰਗੇ ਨਹੀਂ ਨਿਕਲਣਗੇ । ਉਨ੍ਹਾਂ ਕਿਸਾਨਾਂ , ਮਜ਼ਦੂਰਾਂ ਤੇ ਔਰਤਾਂ ਨੂੰ ਅਪੀਲ ਕੀਤੀ ਕਿ ਕੱਲ੍ਹ ਨੂੰ ਵੱਡੀ ਗਿਣਤੀ ਵਿੱਚ ਬਾਦਲ ਮੋਰਚੇ ਵਿੱਚ ਪਹੁੰਚਣ ਕਿਉਂਕਿ ਜੇ ਸਰਕਾਰ ਨੇ ਕਿਸਾਨ ਆਗੂਆਂ ਦੀ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਕ ਤੁਰੰਤ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜਿਸ ਨੂੰ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਇਕੱਠ ਨਾਲ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕੇ ।ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨੇ ਪ੍ਰੋਗਰਾਮ 15 ਅਕਤੂਬਰ ਨੂੰ ਦੁਸਹਿਰੇ ਮੌਕੇ ਮੋਦੀ ,ਅਮਿਤ ਸ਼ਾਹ ਅਤੇ ਸਾਮਰਾਜ ਦੇ ਬੁੱਤ ਸਾੜੇ ਜਾਣਗੇ ਉਹ 18 ਅਕਤੂਬਰ ਨੂੰ ਰੇਲ ਜਾਮ ਕੀਤੇ ਜਾਣਗੇ । ਅੱਜ ਦੀ ਸਟੇਜ ਤੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ‘ ਦੇੀ ਸਕੂਲ ਆਫ ਡਰਾਮਾ ਚੰਡੀਗੜ੍ਹ ‘ ਰੰਗਮੰਚ ਵੱਲੋਂ ਕਿਰਤੀ ਲੋਕਾਂ ਦੀ ਜ਼ਿੰਦਗੀ ਨਾਲ ਢੁੱਕਦੇ ਨਾਟਕ ” ਕਿਰਤੀ ” ਅਤੇ ” ਅਸੀਂ ਜਿਤਾਂਗੇ” ਖੇਡੇ ਗਏ । ਲੋਕ ਪੱਖੀ ਗਾਇਕ ਅਜਮੇਰ ਅਕਲੀਆ ਅਤੇ ਨਿਰਮਲ ਸਿਵੀਆ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ ।
Share the post "ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਅੱਠਵੇਂ ਦਿਨ ਵੀ ਵਿੱਤ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਜਾਰੀ"