ਬਠਿੰਡਾ 21 ਸਤੰਬਰ:ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਘਰ ਅੱਗੇ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ 2 ਅਕਤੂਬਰ ਨੂੰ ਕੀਤਾ ਜਾਵੇਗਾ । ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ । ਉਹਨਾਂ ਦੱਸਿਆ ਕਿ 2 ਅਕਤੂਬਰ 1975 ਨੂੰ ਦੇਸ਼ ਭਰ ਵਿੱਚ ਆਂਗਣਵਾੜੀ ਸੈਂਟਰਾਂ ਨੂੰ ਖੋਲਿਆ ਗਿਆ ਸੀ ਤੇ 50 ਸਾਲ ਹੋਣ ਵਾਲੇ ਹਨ । ਪਰ ਐਨੇ ਲੰਮੇ ਸਮੇਂ ਵਿੱਚ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਗਿਆ ।
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ
ਜਦੋਂ ਕਿ ਬਾਕੀ ਵਿਭਾਗਾਂ ਦੇ ਬਾਕੀ ਸਾਰੇ ਮੁਲਾਜ਼ਮ ਪੱਕੇ ਹਨ । ਉਹਨਾਂ ਕਿਹਾ ਕਿ ਪਿਛਲੇਂ 6 ਸਾਲਾਂ ਤੋਂ ਕੇਂਦਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਨਿੱਕੇ ਪੈਸੇ ਦਾ ਵਾਧਾ ਨਹੀਂ ਕੀਤਾ । ਕੇਂਦਰ ਸਰਕਾਰ ਵਰਕਰ ਨੂੰ 4500 ਰੁਪਏ ਅਤੇ ਹੈਲਪਰ ਨੂੰ 2250 ਰੁਪਏ ਦੇ ਰਹੀ ਹੈ । ਉਹਨਾਂ ਕਿਹਾ ਕਿ ਦੇਸ਼ ਦੀਆਂ 28 ਲੱਖ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸਰਕਾਰ ਸ਼ੋਸ਼ਣ ਕਰ ਰਹੀ ਹੈ । ਹਰਗੋਬਿੰਦ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਸਾਰੇ ਆਂਗਣਵਾੜੀ ਸੈਂਟਰਾਂ ਦੀਆਂ ਸਰਕਾਰੀ ਇਮਾਰਤਾਂ ਨਹੀਂ ਬਣਾਈਆਂ ਗਈਆਂ ਅਤੇ ਅੱਧੋ ਵੱਧ ਆਂਗਣਵਾੜੀ ਸੈਂਟਰ ਸਹੂਲਤਾਂ ਤੋਂ ਸੱਖਣੇ ਪਏ ਹਨ ।
ਭਾਜਪਾ ਦੇ ਹੋ ਰਹੇ ‘ਕਾਂਗਰਸੀਕਰਨ’ ਤੋਂ ਟਕਸਾਲੀਆਂ ’ਚ ਅੰਦਰਖ਼ਾਤੇ ਫੈਲਣ ਲੱਗਿਆ ਰੋਸ਼!
ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇ ਕੇ ਸਰਕਾਰੀ ਮੁਲਾਜ਼ਮ ਐਲਾਨੇ ਅਤੇ ਹੈਲਪਰਾਂ ਨੂੰ ਗਰੇਡ ਦਿੱਤੇ ਜਾਣ । ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਨਾ ਤਾਂ ਬੱਚੇ ਹਨ ਤੇ ਨਾ ਹੀ ਰਾਸ਼ਨ ਬਣ ਰਿਹਾ ਹੈ । ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਵੀ ਆਸ਼ਾ ਵਰਕਰਾਂ ਰਾਹੀਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ । ਜਿਸ ਕਰਕੇ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਬਣਾਈ ਜਾ ਰਹੀ ਹੈ । ਉਹਨਾਂ ਨੇ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਹਨਾਂ ਹਮਲਿਆਂ ਤੋਂ ਬਚਣ ਲਈ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਸ਼ੰਘਰਸ਼ਾਂ ਵਿੱਚ ਸਾਥ ਦੇਵੋ ।
Share the post "ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਕੇਂਦਰੀ ਮੰਤਰੀ ਬਿੱਟੂ ਦੇ ਘਰ ਅੱਗੇ ਰੋਸ ਪ੍ਰਦਰਸ਼ਨ 2 ਅਕਤੂਬਰ ਨੂੰ"