ਜਲੰਧਰ, 27 ਸਤੰਬਰ: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੈਨੇਡਾ ਦੇ ਜਾਅਲੀ ਵੀਜ਼ੇ ਲਗਾਉਣ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਦੋ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 26.70 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਇਸਤੋਂ ਇਲਾਵਾ ਜਾਅਲੀ ਵੀਜ਼ੇ ਲੱਗੇ ਪੰਜ ਪਾਸਪੋਰਟ ਵੀ ਇੰਨ੍ਹਾਂ ਕੋਲੋਂ ਮਿਲੇ ਹਨ। ਕਾਬੂ ਕੀਤੇ ਕਥਿਤ ਦੋਸ਼ੀਆਂ ਦੀ ਪਹਿਚਾਣ ਮੁਨੀਸ਼ ਵਾਸੀ ਬਲਾਚੌਰ ਅਤੇ ਸੰਤੋਸ਼ ਕੁਮਾਰ ਵਾਸੀ ਯੂ.ਪੀ ਦੇ ਤੌਰ ‘ਤੇ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਸਬੰਧ ਵਿਚ ਪੁਲਿਸ ਕੋਲ ਗੁਰਨਾਮ ਸਿੰਘ ਵਾਸੀ ਪਿੰਡ ਤਲਵੰਡੀ ਭਿੰਡਰਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਸ਼ਿਕਾਇਤ ਦਿੱਤੀ ਸੀ। ਜਿਸਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ।
ਪੰਚਾਇਤੀ ਚੋਣਾਂ ਨੂੰ ਲੈ ਕੇ SSP ਨੇ ਕੀਤੀ ਅਹਿਮ ਮੀਟਿੰਗ
ਇਸ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕਥਿਤ ਦੋਸ਼ੀ ਸਥਾਨਕ ਏਜੰਟਾਂ ਦੇ ਨਾਲ ਮਿਲਕੇ ਅਜਿਹੇ ਗਾਹਕਾਂ ਦੀ ਭਾਲ ਵਿਚ ਰਹਿੰਦੇ ਸਨ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਵਿਚ ਸਥਾਨਕ ਏਜੰਟਾਂ ਦੀ ਮਿਲੀਭੁਗਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਸਥਾਨਕ ਸ਼ਹਿਰ ਦੇ ਇੱਕ ਇੰਮੀਗਰੇਸ਼ਨ ਸੈਂਟਰ ’ਤੇ ਵੀ ਛਾਪੇਮਾਰੀ ਕੀਤੀ ਗਈ। ਮੁਢਲੀ ਜਾਂਚ ਮੁਤਾਬਕ ਕਥਿਤ ਦੋਸ਼ੀ ਸੰਤੋਸ਼ ਖ਼ਾਲੀ ਪਾਸਪੋਰਟ ’ਤੇ ਨਕਲੀ ਵੀਜ਼ੇ ਲਗਾ ਕੇ ਵਾਪਸ ਕਰ ਦਿੱਤੇ ਸਨ। ਇਸ ਸਬੰਧ ਵਿਚ ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁਧ ਪਰਚਾ ਦਰਜ਼ ਕਰਕੇ ਅਗਲੀ ਜਾਂਚ ਸ਼ੁਰੂ ਕੀਤੀ ਹੋਈ ਹੈ।