ਜਮੀਨੀ ਵਿਵਾਦ ਨੂੰ ਲੈਕੇ ਕੀਤੀ ਜਾ ਰਹੀ ਇਨਸਾਫ਼ ਦੀ ਮੰਗ
ਅੰਮ੍ਰਿਤਸਰ,7 ਅਕਤੂਬਰ: ਸਥਾਨਕ ਸ਼ਹਿਰ ਵਿਚ ਉਸ ਸਮੇਂ ਸਥਿਤੀ ਕਾਫ਼ੀ ਤਨਾਅਪੂਰਨ ਹੋ ਗਈ ਜਦ ਅਟਾਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵਿੰਦਰ ਸਿੰਘ ਰਾਮਦਾਸ ਨੇ ਅੰਤਰਰਾਸ਼ਟਰੀ ਏਅਰਪੋਰਟ ਰੋਡ ’ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਿਰੁਧ ਧਰਨਾ ਲਗਾ ਦਿੱਤਾ। ਧਰਨੇ ਦਾ ਪਤਾ ਲੱਗਦੇ ਹੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਆਹਲਾ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਕਿਸੇ ਤਰੀਕੇ ਨਾਲ ਵਿਧਾਇਕ ਨੂੰ ਮਨਾ ਕੇ ਇਹ ਧਰਨਾ ਖ਼ਤਮ ਕਰਵਾਇਆ। ਸੂਚਨਾ ਮੁਤਾਬਕ ਜਮੀਨੀ ਵਿਵਾਦ ਨੂੰ ਲੈਕੇ ਪੁਲਿਸ ਉਪਰ ਵਿਧਾਇਕ ਨੇ ਗੰਭੀਰ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ:Panchayat Elections: ਪੰਜਾਬ ਦੇ ਇਸ ਪਿੰਡ ਵਿਚ ਕਿਸੇ ਨੇ ਨਹੀਂ ਭਰੇ ਕਾਗਜ਼, ਜਾਣੋ ਕਾਰਨ
ਉਨ੍ਹਾਂ ਕਿਹਾ ਕਿ ਪੁਲਿਸ ਧੱਕੇ ਨਾਲ ਇੱਥੋਂ ਅਸਲ ਮਾਲਕ ਨੂੰ ਉਠਾ ਕੇ ਕਿਸੇ ਹੋਰ ਨੂੰ ਬਿਠਾਉਣਾ ਚਾਹੁੰਦੀ ਹੈ। ਜਦੋਂਕਿ ਅਦਾਲਤ ਨੇ ਇਸ ਮਾਮਲੇ ਵਿਚ ਸਟੇਟਸ ਕੋ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਏਅਰਪੋਰਟ ਨਜਦੀਕ ਜਮੀਨਾਂ ਕਿਸਾਨਾਂ ਦੀਆਂ ਹਨ ਪ੍ਰੰਤੂ ਹੁਣ ਇੰਨ੍ਹਾਂ ਨੂੰ ਖੋਹਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਆਪਣੀ ਹੀ ਸਰਕਾਰ ਹੁੰਦਿਆਂ ਧਰਨਾ ਲਗਾਉਣ ’ਤੇ ਵੀ ਵਿਧਾਇਕ ਨੇ ਟਿੱਪਣੀ ਕਰਦਿਆਂ ਕਿਹਾ ਕਿ ਜਦ ਤਨ-ਮਨ ਦੁਖੀ ਹੁੰਦਾ ਹੈ ਤਾਂ ਫ਼ਿਰ ਆਪਣਾ ਕੋਈ ਨਹੀਂ ਹੁੰਦਾ ਹੈ। ਕਾਫ਼ੀ ਮੁਸ਼ੱਕਤ ਤੋਂ ਬਾਅਦ ਇਨਸਾਫ਼ ਦਾ ਭਰੋਸਾ ਦੇ ਕੇ ਪੁਲਿਸ ਅਧਿਕਾਰੀਆਂ ਵੱਲੋਂ ਵਿਧਾਇਕ ਨੂੰ ਧਰਨੇ ਤੋਂ ਉਠਾਇਆ ਗਿਆ।