ਤਰਨਤਾਰਨ, 7 ਅਕਤੂਬਰ: ਸਥਾਨਕ ਇਲਾਕੇ ਵਿਚ ਲੱਗਣ ਵਾਲੇ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਵਿਚ ਮੱਥਾ ਟੇਕ ਕੇ ਵਾਪਸ ਮੁੜੇ ਆ ਰਹੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਦੀ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਆਪਸ ਵਿਚ ਜਿਗਰੀ ਦੋਸਤ ਸਨ, ਜੋਕਿ ਨਵੇਂ ਮੋਟਰਸਾਈਕਲ ਦੀ ਖ਼ੁਸੀ ਵਿਚ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਗਏ ਸਨ। ਤਿੰਨਾਂ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਗੋਪੀ, ਸੌਰਵ ਸਿੰਘ ਤੇ ਵਿਜੇ ਸਿੰਘ ਪਿੰਡ ਗੁਮਾਨਪੁਰਾ ਛੇਹਰਟਾ ਦੇ ਤੌਰ ’ਤੇ ਹੋਈ ਹੈ। ਇਹ ਨੌਜਵਾਨ ਸਿਰਫ਼ 20-21 ਸਾਲ ਦੀ ਉਮਰ ਦੇ ਸਨ। ਘਟਨਾ ਦਾ ਪਤਾ ਲੱਗਦੇ ਹੀ ਨਾਂ ਸਿਰਫ਼ ਮ੍ਰਿਤਕ ਨੌਜਵਾਨਾਂ ਦੇ ਪ੍ਰਵਾਰਾਂ ਅਤੇ ਪਿੰਡ, ਬਲਕਿ ਇਲਾਕੇ ਵਿਚ ਵੀ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: ਤਾਜ਼ਾ-ਤਾਜ਼ਾ ‘ਥਾਣੇਦਾਰ’ ਬਣੇ ਭੈਣ-ਭਰਾ ਪੁਲਿਸ ਵੱਲੋਂ ਗ੍ਰਿਫਤਾਰ
ਸੂਚਨਾ ਮੁਤਾਬਕ ਇਹ ਨੌਜਵਾਨ ਬੀਤੀ ਰਾਤ ਕਰੀਬ 8 ਵਜੇ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੀੜ ਬਾਬਾ ਬੁੱਢਾ ਸਾਹਿਬ ਤਰਨਤਾਰਨ ਵਿਖੇ ਸਾਲਾਨਾ ਜੋੜ ਮੇਲੇ ’ਤੇ ਗਏ ਸਨ ਤੇ ਉਥੇ ਮੱਥਾ ਟੇਕਣ ਤੋਂ ਬਾਅਦ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਜਾ ਰਹੇ ਸਨ। ਇਸ ਦੌਰਾਨ ਪਿੰਡ ਕੈਰੋਵਾਲ ਕੋਲ ਉਨ੍ਹਾਂ ਦੇ ਮੋਟਰਸਾਈਕਲ ਦੀ ਅੱਗੇ ਤੋਂ ਆ ਰਹੇ ਇੱਕ ਹੋਰ ਤੇਜ ਰਫ਼ਤਾਰ ਮੋਟਰਸਾਈਕਲ ਨਾਲ ਭਿਆਨਕ ਟੱਕਰ ਹੋ ਗਈ। ਜਿਸ ਵਿਚ ਇੰਨ੍ਹਾਂ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।