ਸ੍ਰੀ ਮੁਕਤਸਰ ਸਾਹਿਬ , 12 ਅਕਤੂਬਰ: ਆਮ ਆਦਮੀ ਪਾਰਟੀ ਨੇ ਹਲਕਾ ਗਿੱਦੜਬਾਹਾ ਵਿਖੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਹਨ ਤੇ ਬਹੁਤ ਧੱਕੇਸ਼ਾਹੀ ਕੀਤੀ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਪੰਚਾਇਤੀ ਚੋਣਾ ਵਿੱਚ ਹਲਕਾ ਗਿੱਦੜਬਾਹਾ ਵਿਖੇ ਵੱਡੇ ਪੱਧਰ ਤੇ ਘਪਲੇਬਾਜ਼ੀ ਹੋਈ ਹੈ । ਉਹਨਾਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਬਦਲੀ ਕੀਤੀ ਜਾਵੇ ਅਤੇ ਕਾਗਜ਼ਾਂ ਪੱਤਰਾਂ ਵਿੱਚ ਹੇਰਾਫੇਰੀ ਕਰਨ ਵਾਲਿਆਂ ਹੋਰਨਾਂ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਪੰਚਾਇਤ ਚੋਣਾਂ:ਗਿੱਦੜਬਾਹਾ ਹਲਕੇ ਦੇ 24 ਪਿੰਡਾਂ ਦੀ ਚੋਣ ਪ੍ਰਕ੍ਰਿਆ ਰੱਦ, ਹੁਣ ਨਵੇ ਸਿਰਿਓ ਹੋਣਗੀਆਂ ਚੋਣਾਂ
ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੀੜਤ ਲੋਕਾਂ ਦੇ ਨਾਲ ਖੜੇ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਹਾ ਵਿਖੇ ਧਰਨੇ ਲਗਾਏ ਹਨ। ਇਸ ਮੌਕੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮਾਨਯੋਗ ਹਾਈਕੋਰਟ ਨੇ ਦਖ਼ਲ ਅੰਦਾਜੀ ਕਰਕੇ ਕਈ ਪਿੰਡਾਂ ਦੀਆਂ ਚੋਣਾਂ ਰੱਦ ਕਰਵਾਈਆਂ ਹਨ ਤੇ ਚੋਣ ਕਮਿਸ਼ਨ ਦਖਲ ਅੰਦਾਜੀ ਕਰ ਰਿਹਾ ਹੈ । ਸਰਕਾਰ ਲਈ ਇਹ ਸ਼ਰਮ ਵਾਲੀ ਗੱਲ ਹੈ । ਉਹਨਾਂ ਕਿਹਾ ਕਿ ਜਿਹੜੇ ਉਮੀਦਵਾਰ ਰਹਿ ਗਏ ਹਨ ਤੇ ਉਹਨਾਂ ਦੇ ਕਾਗਜ਼ ਰੱਦ ਹੋਏ ਹਨ ਉਹ ਸੋਮਵਾਰ ਨੂੰ ਵੀ ਅਕਾਲੀ ਦਲ ਦੇ ਚੰਡੀਗੜ੍ਹ ਦਫ਼ਤਰ ਵਿਖੇ ਪੁੱਜ ਕੇ ਕਾਗਜ਼ ਪੱਤਰ ਦੇ ਸਕਦੇ ਹਨ । ਇਸ ਮੌਕੇ ਹਰਪ੍ਰੀਤ ਸਿੰਘ ਕੋਟਭਾਈ , ਪ੍ਰੀਤਇੰਦਰ ਸਿੰਘ ਸੰਮੇਂਵਾਲੀ ਅਤੇ ਜਗਜੀਤ ਸਿੰਘ ਹਨੀ ਫੱਤਣਵਾਲਾ ਜ਼ਿਲ੍ਹਾ ਸਕੱਤਰ ਬਿੰਦਰ ਗੋਨੇਆਣਾ ਆਦਿ ਮੌਜੂਦ ਸਨ ।
Share the post "ਆਮ ਆਦਮੀ ਪਾਰਟੀ ਨੇ ਹਲਕਾ ਗਿੱਦੜਬਾਹਾ ਵਿਖੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ:ਤਜਿੰਦਰ ਸਿੰਘ ਮਿੱਡੂਖੇੜਾ"