26 Views
ਮੁੱਦਕੀ/ਤਲਵੰਡੀ ਭਾਈ/ਫ਼ਿਰੋਜ਼ਪੁਰ, 23 ਅਕਤੂਬਰ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਪੰਜਾਬ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਸਦਕਾ ਪੰਜਾਬ ਸਰਕਾਰ ਵੱਲੋਂ ਰਾਜ ਦੇ 20000 ਸਰਕਾਰੀ ਸਕੂਲਾਂ ਵਿਚ “ਮਾਪੇ ਅਧਿਆਪਕ ਮਿਲਣੀ” ਦਾ ਆਯੋਜਨ ਕੀਤਾ ਗਿਆ। ਇਸ “ਮਾਪੇ ਅਧਿਆਪਕ ਮਿਲਣੀ” ਦੌਰਾਨ *ਪ੍ਰਮੁੱਖ ਸਕੱਤਰ ਪੰਜਾਬ ਸਰਕਾਰ* ਸ੍ਰੀ ਅਜੋਏ ਸ਼ਰਮਾ ਆਈ.ਏ.ਐਸ. ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਲਵੰਡੀ ਭਾਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮੁੱਦਕੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫ਼ਿਰੋਜ਼ਪੁਰ ਸ਼ਹਿਰ ਆਦਿ ਵਿਖੇ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਨਾਲ ਮਿਲਣੀ ਕੀਤੀ ਗਈ ਅਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਅਤੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਤੇ ਬਿਹਤਰ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਸ ਮਿਲਣੀ ਦਾ ਮੰਤਵ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਵਿਚਲੀ ਦੂਰੀ ਖ਼ਤਮ ਕਰਨਾ ਹੈ ਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ‘ਚ ਅੱਗੇ ਵਧਾਉਣ ਲਈ ਹਾਂ ਪੱਖੀ ਚਰਚਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਿਲਣੀਆਂ ਰਾਹੀਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਪੜ੍ਹਾਈ ਅਤੇ ਅਸਲ ਵਿਕਾਸ ਬਾਰੇ ਪਤਾ ਲੱਗਦਾ ਹੈ। ਇਸ ਮੌਕੇ ਉਨਾਂ ਮਿਲਣੀ ਉਤੇ ਆਏ ਬੱਚਿਆਂ ਦੇ ਪਰਿਵਾਰਿਕ ਮੈਬਰਾਂ ਨਾਲ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਵੀ ਹੁਣ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਹਸਿਲ ਹੋ ਰਹੀ ਹੈ। ਅਜੋਏ ਸ਼ਰਮਾ ਨੇ ਸਕੂਲਾਂ ਦੀ ਲਾਇਬ੍ਰੇਰੀ, ਸਾਇੰਸ ਲੈਬ, ਕੰਪਿਊਟਰ ਲੈਬ, ਖੇਡ ਗਰਾਉਂਡ ਅਤੇ ਕਲਾਸ ਰੂਮਾਂ ਦਾ ਵੀ ਜਾਇਜ਼ਾ ਲਿਆ ਜਿਸ ਉੱਤੇ ਉਨ੍ਹਾਂ ਤਸੱਲੀ ਪ੍ਰਗਟਾਈ ਅਤੇ ਖੇਡਾਂ ਤੇ ਸਿੱਖਿਆ ਵਿੱਚ ਹੋਰ ਸੁਧਾਰ ਬਾਰੇ ਆਪਣੇ ਕੀਮਤੀ ਸੁਝਾਅ ਵੀ ਦਿੱਤੇ।
ਇਸ ਦੌਰਾਨ ਉਨ੍ਹਾਂ ਪੜ੍ਹਾਈ ਅਤੇ ਖੇਡਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀ ਲਈ ਤਲਵੰਡੀ ਭਾਈ ਵਿਖੇ 15, ਮੁੱਦਕੀ ਦੇ 12 ਅਤੇ ਫ਼ਿਰੋਜ਼ਪੁਰ ਵਿਖੇ ਏਸ਼ੀਆ ਖੇਡਾਂ ਲਈ ਚੁਣੀ ਗਈ ਲੜਕੀ ਕ੍ਰਿਸ਼ਕਾ ਨੂੰ ਸਨਮਾਨਿਤ ਕੀਤਾ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਇਸ ਮੌਕੇ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਉਨ੍ਹਾਂ ਤੋਂ ਸਕੂਲ ਅਤੇ ਹੋਸਟਲ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਪੁੱਛਿਆ ਜਿਸ ਉੱਤੇ ਉਨ੍ਹਾਂ ਵੱਲੋਂ ਸੰਤੁਸ਼ਟੀ ਪ੍ਰਗਟਾਈ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਮੁਨੀਲਾ ਅਰੋੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ (ਲਾਇਜ਼ਨ ਅਫ਼ਸਰ), ਪ੍ਰਿੰਸੀਪਲ ਰਾਜੇਸ਼ ਮਹਿਤਾ, ਪ੍ਰਿੰਸੀਪਲ ਨਰਿੰਦਰ ਪਾਲ ਸਿੰਘ, ਪ੍ਰਿੰਸੀਪਲ ਰਜਿੰਦਰ ਕੁਮਾਰ, ਸੁਖਚੈਨ ਸਿੰਘ ਸਮੇਤ ਸਕੂਲਾਂ ਦਾ ਸਟਾਫ਼, ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।
Share the post "“ਮਾਪੇ ਅਧਿਆਪਕ ਮਿਲਣੀ” ਦੌਰਾਨ ਪ੍ਰਮੁੱਖ ਸਕੱਤਰ ਨੇ ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਕਾਂ ਨਾਲ ਕੀਤੀ ਮੁਲਾਕਾਤ"