ਕਿਰਤੀ ਲੋਕਾਂ ਨੂੰ ਮਠਿਆਈਆਂ ਵੰਡ ਕੇ ਦਿੱਤੀਆਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ
ਕੋਟਕਪੂਰਾ, 1 ਨਵੰਬਰ :- ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਸਮੂਹ ਜਿਲਾ ਵਾਸੀਆਂ ਨੂੰ ਵਧਾਈ ਦਿੰਦਿਆਂ ਉਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਉਨਾਂ ਕਿਹਾ ਕਿ ਦੀਵਾਲੀ ਰੌਸ਼ਨੀ ਅਤੇ ਖੁਸ਼ੀਆਂ ਦਾ ਤਿਉਹਾਰ ਹੈ। ਉਨਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਲੋਕ ਇਸੇ ਤਰਾਂ ਹੀ ਖੁਸ਼ੀਆਂ ਦੇ ਰੰਗ ਵਿੱਚ ਰੰਗੇ ਰਹਿਣ। ਸਪੀਕਰ ਸੰਧਵਾਂ ਨੇ ਕਿਹਾ ਕਿ ਇਹ ਤਿਉਹਾਰ ਝੂਠ ’ਤੇ ਸੱਚ, ਅਧਰਮ ’ਤੇ ਧਰਮ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦੀਆਂ ਕਦਰਾਂ-ਕੀਮਤਾਂ ਅਤੇ ਵਿਚਾਰਾਂ ਨੂੰ ਦਰਸਾਉਂਦਾ ਹੈ। ਉਨਾਂ ਨੇ ਵਾਤਾਵਰਣ ਨੂੰ ਸੁਰੱਖਿਅਤ ਬਣਾਉਣ ਲਈ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਵੀ ਕੀਤੀ।
ਕੁਲਤਾਰ ਸਿੰਘ ਸੰਧਵਾਂ ਨੇ ਸ਼ਹਿਰ ਦੇ ਵੱਖ-ਵੱਖ ਬਾਜਾਰਾਂ ਵਿੱਚ ਖੁਦ ਕਿਰਤ ਕਰਨ ਵਾਲੇ ਲੋਕਾਂ ਨੂੰ ਮਿਲ ਕੇ ਮਠਿਆਈ ਦੇ ਡੱਬੇ ਵੰਡ ਕੇ ਜਿੱਥੇ ਉਹਨਾਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ, ਉੱਥੇ ਕਿਰਤੀ ਲੋਕਾਂ ਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਸਪੀਕਰ ਸੰਧਵਾਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ, ਰਾਹਗੀਰਾਂ ਵਿੱਚ ਸ਼ਾਮਿਲ ਹਰ ਰੇਹੜੀ ਜਾਂ ਰਿਕਸ਼ਾ ਚਾਲਕ ਨੂੰ ਮਠਿਆਈ ਦਾ ਡੱਬਾ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਸਪੀਕਰ ਸੰਧਵਾਂ ਨੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਤਿਉਹਾਰ ਸਭ ਦੇ ਸਾਂਝੇ ਹੁੰਦੇ ਹਨ ਅਤੇ ਸਾਨੂੰ ਭਾਈਚਾਰਕ ਸਾਂਝ ਮਜਬੂਤ ਕਰਨ ਦਾ ਸੱਦਾ ਦਿੰਦੇ ਹਨ।
ਬੰਦੀ ਛੋੜ ਦਿਵਸ, ਦੀਵਾਲੀ ਦੇ ਪਾਵਨ ਤਿਉਹਾਰ ਮੌਕੇ ਨਿਰੋਗ ਬਾਲ ਆਸ਼ਰਮ, ਗਊਸ਼ਾਲਾ ਅਤੇ ਬਿਰਧ ਆਸ਼ਰਮ ਕੋਟਕਪੂਰਾ ਵਿੱਚ ਜਾ ਕੇ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਕੋਟਕਪੂਰਾ ਸ਼ਹਿਰ ਵਿੱਚ ਵਿਚਰ ਕੇ ਵੱਖ ਵੱਖ ਖੋਖੇ ਲਾ ਕੇ ਰੁਜਗਾਰ ਚਲਾਉਣ ਵਾਲੇ ਛੋਟੇ ਦੁਕਾਨਦਾਰਾਂ, ਰਿਕਸ਼ਾ ਚਾਲਕਾਂ, ਬੂਟ ਪਾਲਿਸ਼ਾਂ ਵਾਲੇ, ਮਿਹਨਤਕਸ਼, ਕਿਰਤੀ ਅਤੇ ਦੀਵੇ ਵੇਚਣ ਵਾਲਿਆਂ ਨੂੰ ਮਿਲ ਕੇ ਦੀਵਾਲੀ ਦੀ ਵਧਾਈ ਦਿੱਤੀ ਅਤੇ ਪਰਮਾਤਮਾ ਤੋਂ ਉਹਨਾਂ ਦੇ ਖੁਸਹਾਲ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਅਮਨਦੀਪ ਸਿੰਘ ਸੰਧੂ ਪੀ.ਏ., ਸੁਖਵੰਤ ਸਿੰਘ ਪੱਕਾ, ਮਨਦੀਪ ਮੌਂਗਾ, ਦੀਪਕ ਮੌਂਗਾ ਆਦਿ ਸਮੇਤ ਹੋਰ ਵੀ ਪਾਰਟੀ ਆਗੂ ਤੇ ਵਰਕਰ ਹਾਜਰ ਸਨ।
Share the post "ਸਪੀਕਰ ਸੰਧਵਾਂ ਨੇ ਹਲਕੇ ਦੇ ਮਿਹਨਤਕਸ਼ ਕਿਰਤੀ ਲੋਕਾਂ ਨਾਲ ਮਨਾਈ ਵਿਲੱਖਣ ਦੀਵਾਲੀ"