ਜਾਹੋ-ਜਲਾਲ ਦੇ ਨਾਲ ਨਗਰ ਕੀਰਤਨ ਸਜ਼ਾਇਆ, ਪਾਕਿਸਤਾਨ ਦੇ ਪਹਿਲੇ ਸਿੱਖ ਵਜ਼ੀਰ ਨੇ ਸੰਗਤਾਂ ਨੂੰ ਦਿੱਤੀ ਵਧਾਈ
ਨਨਕਾਣਾ ਸਾਹਿਬ, 15 ਨਵੰਬਰ: ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਬ ਦਿਹਾੜੇ ਮੌਕੇ ਅੱਜ ਉਨ੍ਹਾਂ ਦੀ ਜੰਮਿਣ ਭੋਇੰ ਨਨਕਾਣਾ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸਿੱਖ ਸੰਗਤ ਨੇ ਪੁੱਜ ਕੇ ਬਾਬੇ ਨਾਨਕ ਦੇ ਜਨਮ ਦਿਹਾੜੇ ਨੂੰ ਖ਼ੁਸੀਆਂ ਦੇ ਨਾਲ ਮਨਾਇਆ। ਇਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਵਿੱਤਰ ਭੋਗ ਪਾਏ ਗਏ ਅਤੇ ਗੁਰੂ ਨਾਨਕ ਜੀ ਦੇ ਸਾਥੀ ਭਾਈ ਮਰਦਾਨਾ ਜੀ ਦੇ ਵੰਸ਼ਿਜ ਵੱਲੋਂ ਇਸ ਦੌਰਾਨ ਕੀਰਤਨ ਕਰਕੇ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਬਾਬੇ ਨਾਨਕ ਦੇ ਜਨਮ ਦਿਹਾੜੇ ਮੌਕੇ ਪਾਕਿਸਤਾਨ ਸਿੱਖ ਸੰਗਤਾਂ ਅਤੇ ਨਨਕਾਣਾ ਸਾਹਿਬ ਦੇ ਲੋਕਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੂੰ ਮਿਲਿਆ। ਪਾਕਿਸਤਾਨ ਸਰਕਾਰ ਅਤੇ ਘੱਟ ਗਿਣਤੀ ਵਿਭਾਗ ਦੇ ਵੱਲੋਂ ਸੰਗਤਾਂ ਦੀ ਆਓ-ਭਗਤ ਦੇ ਲਈ ਵੱਡੇ ਪ੍ਰਬੰਧ ਕੀਤੇ ਗਏ ਸਨ ਅਤੇ ਬਾਬਾ ਨਾਨਕ ਜੀ ਦੇ ਜਨਮ ਅਸਥਾਨ ਗੁਰਦੂਆਰਾ ਸਾਹਿਬ ਨੂੰ ਫੁੱਲਾਂ ਨਾਲ ਸਜ਼ਾਇਆ ਹੋਇਆ ਸੀ। ਇਸੇ ਤਰ੍ਹਾਂ ਰਾਤ ਸਮੇਂ ਕੀਤੀ ਲਾਈਟਿੰਗ ਇੱਕ ਮਨਮੋਹਕ ਦ੍ਰਿਸ਼ ਪੈਦਾ ਕਰ ਰਹੀ ਸੀ। ਇਸ ਦੌਰਾਨ ਪੂਰੇ ਜਾਹੋ-ਜਲਾਲ ਦੇ ਨਾਲ ਨਗਰ ਕੀਰਤਨ ਸਜ਼ਾਇਆ ਗਿਆ, ਜਿਹੜਾ ਗੁਰਦੂਆਰਾ ਕਿਆਰਾ ਸਾਹਿਬ ਜਾ ਕੇ ਸਮਾਪਤ ਹੋਇਆ।
ਇਸ ਮੌਕੇ ਸੰਗਤਾਂ ਦਾ ਜੋਸ਼ ਦੇਖਣ ਵਾਲਾ ਸੀ ਅਤੇ ਕਿਤੇ ਵੀ ਤਿਲ ਸੁੱਟਣ ਜੋਗੀ ਜਗ੍ਹਾਂ ਨਹੀਂ ਬਚੀ ਹੋਈ ਸੀ। ਇਸਤੋਂ ਪਹਿਲਾਂ ਗੁਰਦੂਆਰਾ ਸਾਹਿਬ ਵਿਖੇ ਹੋਏ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪਾਕਿਸਤਾਨੀ ਪੰਜਾਬ ਦੇ ਪਹਿਲੇ ਸਿੱਖ ਵਜ਼ੀਰ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਸੰਗਤ ਨੂੰ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਨਾਲ ਹੀ ਕੀਤੇ ਹੋਏ ਇੰਤਜਾਮਾਂ ਲਈ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਦਾ ਧੰਨਵਾਦ ਕੀਤਾ।
ਇਸ ਦੌਰਾਨ ਉਨ੍ਹਾਂ ਭਾਰਤੀ ਸੰਗਤ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਰਹੀ ਵੱਧ ਤੋਂ ਵੱਧ ਆਊਣ ਦਾ ਸੱਦਾ ਦਿੱਤਾ ਤਾਂ ਕਿ ਇਸਨੂੰ ਖੋਲਣ ਦਾ ਮਕਸਦ ਪੂਰਾ ਹੋ ਸਕੇ। ਸਟੇਜ਼ ਸਕੱਤਰ ਦੀ ਭੂਮਿਕਾ ਕਮੇਟੀ ਦੇ ਜਨਰਲ ਸਕੱਤਰ ਬੀਬੀ ਸਤਵੰਤ ਕੌਰ ਤੇ ਆਗੂ ਮੀਮ ਸਿੰਘ ਹੋਰਨਾਂ ਨੇ ਨਿਭਾਈ। ਸਮਾਗਮ ਦੌਰਾਨ ਬਾਬੇ ਨਾਨਕ ਜੀ ਦੇ ਜਨਮ ਦਿਹਾੜੇ ਦੌਰਾਨ ਸਿੱਖ ਸੰਗਤ ਨੂੰ ਵਧਾਈ ਦੇਣ ਲਈ ਪਾਕਿਸਤਾਨੀ ਫੈਡਰਲ ਸਰਕਾਰ ਦੇ ਧਾਰਮਿਕ ਮਾਮਲਿਆਂ ਅਤੇ ਘੱਟ ਗਿਣਤੀਆਂ ਦੇ ਮੰਤਰੀ ਜਨਾਬ ਸਾਲਿਕ ਸਾਹਿਬ, ਚੇਅਰਮੈਨ ਡਾ ਅਤਾਉਲ ਰਹਿਮਾਨ, ਵਧੀਕ ਸਕੱਤਰ ਸੈਫ਼ ਖੋਖਰ, ਜਨਾਬ ਫ਼ਰੀਦ, ਗੱਦੀ ਸਾਈਂ ਮੀਆਂ ਮੀਰ ਦੇ ਗੱਦੀ ਨਸ਼ੀਨ ਸਈਅਦ ਅਲੀ ਰਜ਼ਾ ਕਾਦਰੀ ਆਦਿ ਵੀ ਵਿਸ਼ੇਸ ਤੌਰ ‘ਤੇ ਪੁੱਜੇ ਹੋਏ ਸਨ।
Share the post "ਗੁਰੂ ਨਾਨਕ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਮੌਕੇ ਨਨਕਾਣਾ ਸਾਹਿਬ ਵਿਖੇ ਸ਼ਰਧਾਲੂਆਂ ਦਾ ਉਮੜਿਆ ਜਨ ਸੈਲਾਬ, ਦੇਖੋ ਤਸਵੀਰਾਂ"