ਬਠਿੰਡਾ, 25 ਨਵੰਬਰ: ਸਥਾਨਕ ਬਾਬਾ ਫਰੀਦ ਨਗਰ ਦੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਖੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ 24ਵਾਂ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਨੌਵੇਂ ਸਤਿਗੁਰ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਅਦੁੱਤੀ ਸ਼ਹਾਦਤਾਂ ਦਾ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪਿਛਲੇ ਤਿੰਨ ਦਿਨਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਪ੍ਰਕਾਸ਼ ਕਰਵਾ ਕੇ ਭੋਗ ਪਵਾਏ ਗਏ ਉਪਰੰਤ ਭਾਈ ਗੁਰਸੇਵਕ ਸਿੰਘ ਜੀ ਨੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਉਨ੍ਹਾਂ ਵਰਨਣ ਸਾਹਿਤ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਲਈ ਮੁੱਢ ਬੱਝਿਆ, ਸ਼ਹੀਦੀ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਡੁਲਾਉਣ ਲਈ ਉਨ੍ਹਾਂ ਦੇ ਅਤਿ ਪਿਆਰੇ ਸਿੱਖ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੀਆਂ ਵੱਖ ਵੱਖ ਤਰੀਕਿਆਂ ਨਾਲ ਸ਼ਹੀਦੀਆਂ ਕਰਵਾਈਆਂ ਗਈਆਂ। ਸ਼ਹੀਦੀ ਉਪਰੰਤ ਭਾਈ ਜੀਵਨ ਸਿੰਘ ਜੀ ਦੇ ਪਿਤਾ ਸਦਾ ਨੰਦ ਜੀ ਦੇ ਸੀਸ ਨਾਲ ਗੁਰੂ ਸਾਹਿਬ ਜੀ ਦੇ ਸੀਸ ਦੀ ਅਦਲ ਬਦਲ ਕਰਕੇ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦੇ ਪਾਵਨ ਸੀਸ ਬਿਖੜੇ ਪੈਂਡੇ ਤਹਿ ਕਰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਆਏ।
ਇਹ ਵੀ ਪੜ੍ਹੋ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਸੈਸ਼ਨ ਦੀ ਸਰਬ ਪਾਰਟੀ ਮੀਟਿੰਗ ਵਿਚ ਕਿਸਾਨਾਂ ਤੇ ਪੰਜਾਬ ਲਈ ਨਿਆਂ ਮੰਗਿਆ
ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਗਲ ਨਾਲ ਜੱਫ਼ੀ ਵਿੱਚ ਲੈ ਕੇ ਰੰਗਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਦਿੱਤਾ। ਸ਼ਹੀਦੀ ਇਤਿਹਾਸ ਸੁਣਦਿਆਂ ਸੰਗਤਾਂ ਵੈਰਾਗਮਈ ਨਜ਼ਰ ਆਈਆਂ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਮੁੱਖ ਸੇਵਾਦਾਰ ਸੂਬੇਦਾਰ ਗਮਦੂਰ ਸਿੰਘ ਨੇ ਭਾਈ ਗੁਰਸੇਵਕ ਸਿੰਘ ਅਤੇ ਸਮੂਹ ਸੰਗਤ ਦੁਆਰਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਸੇਵਾਦਾਰ ਬਲਵੀਰ ਸਿੰਘ ਸਾਬਕਾ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ, ਹਰਬੰਸ ਸਿੰਘ ਆਦਿ ਵੀ ਹਾਜਰ ਸਨ।