ਤਲਵੰਡੀ ਸਾਬੋ, 28 ਨਵੰਬਰ: ਭਾਰਤੀ ਸੰਵਿਧਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਲਾਅ ਵੱਲੋਂ ਭਾਰਤੀ ਸੰਵਿਧਾਨ ਦਿਹਾੜੇ ਮੌਕੇ ਤਿੰਨ ਰੋਜ਼ਾ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਇਨਾਮ ਵੰਡ ਸਮਾਰੋਹ ਵਿੱਚ ਇਨਾਮ ਤਕਸੀਮ ਕਰਦੇ ਹੋਏ ਮੁੱਖ ਮਹਿਮਾਨ ਸ਼੍ਰੀ ਸੁਰੇਸ਼ ਗੋਇਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਵਿਦਿਆਰਥੀਆਂ ਨੂੰ ਭਾਰਤ ਦੇ ਸੰਵਿਧਾਨ ਵੱਲੋਂ ਨਾਗਰਿਕਾਂ ਨੂੰ ਦਿੱਤੇ ਗਏ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣਾ ਪਵੇਗਾ ਤੇ ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਕਰਤੱਵਾਂ ਦੀ ਪਾਲਣਾ ਕਰਨਾ ਵੀ ਦੇਸ਼ ਭਗਤੀ ਹੈ। ਉਨ੍ਹਾਂ ਆਰਥਿਕ ਪੱਖੋਂ ਕਮਜ਼ੋਰ ਵਰਗ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀ ਜਾਂਦੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਤੇ ਵਰਸਿਟੀ ਵਿਖੇ ਚੱਲ ਰਹੇ ਲੀਗਲ ਏਡ ਸੈੱਲ ਬਾਰੇ ਵੀ ਚਾਨਣਾ ਪਾਇਆ।
ਇਹ ਵੀ ਪੜ੍ਹੋ Priyanka Gandhi ਨੇ ਲੋਕ ਸਭਾ ਦੇ MP ਵਜੋਂ ਚੁੱਕੀ ਸਹੁੰ
ਇਸ ਮੌਕੇ ਕਰਵਾਏ ਗਏ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਪੁਨੀਤ ਪਾਠਕ ਸਕੂਲ ਆਫ਼ ਲਾਅ, ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ ਨੇ ਭਾਰਤੀ ਸੰਵਿਧਾਨ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਦੇ ਪਿਛੋਕੜ, ਸਰੋਤਾਂ ਅਤੇ ਇਸ ਨੂੰ ਤਿਆਰ ਕਰਨ ਵਿੱਚ ਵੱਖ-ਵੱਖ ਵਿਦਵਾਨਾਂ ਤੇ ਸੰਵਿਧਾਨ ਮਾਹਿਰਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਤੇ 75 ਸਾਲਾਂ ਦੌਰਾਨ ਸੰਵਿਧਾਨ ਵਿੱਚ ਹੋਈਆਂ ਸੋਧਾਂ ਬਾਰੇ ਚਾਨਣਾ ਪਾਇਆ।ਵਿਸ਼ੇਸ਼ ਮਹਿਮਾਨ ਡਾ. ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ਫੈਕਲਟੀ ਆਫ਼ ਲਾਅ ਦੇ ਆਯੋਜਨ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਵੱਖ-ਵੱਖ ਪਿੰਡਾਂ ਵਿੱਚ ਲੋੜਵੰਦਾਂ ਨੂੰ ਦਿੱਤੀ ਜਾਂਦੀ ਮੁਫਤ ਕਾਨੂੰਨੀ ਸਹਾਇਤਾ ਬਾਰੇ ਵੀ ਦੱਸਿਆ। ਉਨ੍ਹਾਂ ਸੰਵਿਧਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਦੇ ਨਾਗਰਿਕਾਂ, ਸਮਾਜ ਦੀ ਖੁਸ਼ਹਾਲੀ ਅਤੇ ਸੁਖਾਂਵੇਂ ਜੀਵਨ ਲਈ ਨਿਯਮਾਂ ਦਾ ਹੋਣਾ ਜ਼ਰੂਰੀ ਹੈ ਤੇ ਉਨ੍ਹਾਂ ਦੀ ਪਾਲਣਾ ਕਰਨਾ ਹਰ ਨਾਗਰਿਕ ਦਾ ਪਹਿਲਾ ਕਰਤੱਵ ਹੈ।
ਇਹ ਵੀ ਪੜ੍ਹੋ ਮਸ਼ਹੂਰ ਪੰਜਾਬੀ ਗਾਇਕ ਦੂਜਾ ਵਿਆਹ ਕਰਵਾਉਣ ਦੇ ਦੋਸ਼ਾਂ ਹੇਠ ਘਿਰਿਆ
ਦੂਜੇ ਦਿਨ ਭਾਰਤੀ ਸੰਵਿਧਾਨ ਸੰਬੰਧੀ ਸਵਾਲ-ਜਵਾਬ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਫੈਕਲਟੀ ਆਫ਼ ਲਾਅ ਦੀ ਟੀਮ ਸੰਜੇ ਤੇ ਨਿਖਿਤ ਪਰਵੀਨ ਨੇ ਪਹਿਲਾ, ਅੰਕਿਤ ਕੁਮਾਰ ਤੇ ਮਨਜਿੰਦਰ ਸਿੰਘ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਭਾਰਤ ਸੰਵਿਧਾਨ ਵਿਸ਼ੇ ਤੇ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਦੀਪਿਕਾ ਦੇ ਪੋਸਟਰ ਨੇ ਪਹਿਲਾ, ਰੁਪਮੀ ਕ੍ਰਿਸ਼ਨਾ ਦੇ ਪੋਸਟਰ ਨੇ ਦੂਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਫੈਕਲਟੀ ਆਫ਼ ਲਾਅ ਦੇ ਡੀਨ ਡਾ. ਗੁਰਪ੍ਰੀਤ ਕੌਰ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਤੇ ਇਸ ਸੰਬੰਧੀ ਰੋਚਕ ਤੱਥਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਵੱਖ-ਵੱਖ ਦੇਸ਼ਾਂ ਤੇ ਰਾਜਾਂ ਦੇ ਵਿਦਿਆਰਥੀਆਂ ਵੱਲੋਂ ਖੂਬਸੂਰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਪੰਜਾਬੀ ਲੋਕ ਨਾਚ ਗਿੱਧੇ ਤੇ ਭੰਗੜੇ ਨੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਆਯੋਜਕਾਂ ਵੱਲੋਂ ਮੁੱਖ ਮਹਿਮਾਨ, ਮੁੱਖ ਬੁਲਾਰੇ ਨੂੰ ਯਾਦਾਸ਼ਤ ਚਿੰਨ੍ਹ ਤੇ ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।