ਚੰਡੀਗੜ੍ਹ, 29 ਨਵੰਬਰ: ਪੰਜਾਬ ਦੇ ਵਿਚ ਕਰੀਬ ਸਾਢੇ 9 ਸਾਲ ਪਹਿਲਾਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਸ਼ੁਰੂ ਹੋਏ ਸਿਲਸਿਲੇ ਵਿਚ ਵਿਸ਼ੇਸ ਜਾਂਚ ਟੀਮ ਵੱਲੋਂ ਕੀਤੀ ਜਾਂਚ ਦੌਰਾਨ ਮੁਲਜਮ ਪਾਏ ਗਏ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਅਤੇ ਹੋਰਨਾਂ ਵਿਰੁਧ ਹੁਣ ਸੁਣਵਾਈ ਸ਼ੁਰੂ ਹੋ ਗਈ ਹੈ। ਹਾਈਕੋਰਟ ਵੱਲੋਂ ਲੱਗੀ ਰੋਕ ਸੁਪਰੀਮ ਕੋਰਟ ਵਿਚੋਂ ਹਟਣ ਤੋਂ ਬਾਅਦ ਬੀਤੇ ਕੱਲ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਸ਼ੁਰੂ ਹੋਏ ਟਰਾਈਲ ਦੌਰਾਨ ਡੇਰਾ ਮੁਖੀ ਜੇਲ੍ਹ ਤੋਂ ਵੀਡੀਓ ਕਾਨਫਰੰਸ ਦੇ ਰਾਹੀਂ ਅਦਾਲਤ ਵਿਚ ਪੇਸ਼ ਹੋਇਆ।
ਇਹ ਵੀ ਪੜ੍ਹੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤੇ ਸੁਧਾਰ ਲਹਿਰ ਦੇ ਆਗੂਆਂ ਨੇ ਸੌਂਪੇ ਵਡਾਲਾ ਨੂੰ ਅਸਤੀਫੇ
ਹਾਲਾਂਕਿ ਅਦਾਲਤ ਵਿਚ ਡੇਰਾ ਮੁਖੀ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਵਿਸੇਸ ਜਾਂਚ ਟੀਮ ਵੱਲੋਂ ਪੇਸ਼ ਕੀਤੇ ਚਲਾਨ ਤੇ ਹੋਰਨਾਂ ਦਸਤਾਵੇਜ਼ਾਂ ਦੀ ਕਾਪੀ ਉਨ੍ਹਾਂ ਨੂੰ ਨਹੀਂ ਮਿਲੀ ਹੈ, ਜਿਸਦੇ ਚੱਲਦੇ ਅਦਾਲਤ ਨੇ ਇਸ ਕੇਸ ਦੀ ਅਗਲੀ ਤਰੀਕ 19 ਦਸੰਬਰ ਪਾਉਂਦਿਆਂ ਤਦ ਤੱਕ ਪੰਜਾਬ ਸਰਕਾਰ ਨੂੰ ਸਾਰੇ ਦਸਤਾਵੇਜ਼ ਦੂਜੀ ਧਿਰ ਨੂੰ ਮੁਹੱਈਆਂ ਕਰਵਾਉਣ ਦੇ ਹੁਕਮ ਦਿੱਤੇ ਹਨ। ਦਸਣਾ ਬਣਦਾ ਹੈ ਕਿ ਬਲਾਤਕਾਰ ਤੇ ਕਤਲ ਮਾਮਲੇ ਵਿਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਮੁਖੀ ਵੱਲੋਂ ‘ਸਿੱਟ’ ਦੀ ਜਾਂਚ ਉਪਰ ਸਵਾਲ ਖ਼ੜੇ ਕਰਦਿਆਂ ਪਹਿਲਾਂ ਉੱਚ ਅਦਾਲਤ ਵਿਚ ਆਪਣੇ ਵਿਰੁਧ ਸੁਣਵਾਈ ’ਤੇ ਰੋਕ ਲਗਵਾ ਲਈ ਗਈ ਸੀ।
ਇਹ ਵੀ ਪੜ੍ਹੋ ਮਸ਼ਹੂਰ ਪੰਜਾਬੀ ਗਾਇਕ ਦੂਜਾ ਵਿਆਹ ਕਰਵਾਉਣ ਦੇ ਦੋਸ਼ਾਂ ਹੇਠ ਘਿਰਿਆ
ਵਿਸ਼ੇਸ ਜਾਂਚ ਟੀਮ ਨੇ 1 ਜੂਨ 2015 ਨੂੰ ਬਰਗਾੜੀ ਲਾਗਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਪਵਿੱਤਰ ਬੀੜ ਚੋਰੀ ਹੋਣ, 25 ਸਤੰਬਰ 2015 ਨੂੰ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵਿਵਾਦਪੂਰਨ ਪੋਸਟਰ ਲਗਾਉਣ ਅਤੇ 12 ਅਕਤੂਬਰ 2015 ਨੂੰ ਬਰਗਾੜੀ ਦੇ ਇਕ ਗੁਰਦੁਆਰਾ ਸਾਹਿਬ ਨਜਦੀਕ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਵਿੱਤਰ ਅੰਗਾਂ ਦੀ ਇਸ ਦੁਖਦਾਈ ਘਟਨਾਕ੍ਰਮ ਦੀ ਕੀਤੀ ਜਾਂਚ ਦੌਰਾਨ ਇਸ ਕਾਂਡ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜੀਆਂ ਸਨ। ਅਕਾਲੀ ਸਰਕਾਰ ਦੌਰਾਨ ਵਾਪਰੇ ਇਸ ਕਾਂਡ ਕਾਰਨ ਜਿੱਥੇ ਅਕਾਲੀ ਦਲ ਨੂੰ ਹੁਣ ਤੱਕ ਵੱਡਾ ਸਿਆਸ ਤੇ ਧਾਰਮਿਕ ਨੁਕਸਾਨ ਝੱਲਣਾ ਪੈ ਰਿਹਾ, ਉਥੇ ਇਨਸਾਫ ਦਾ ਵਾਅਦਾ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਲੋਕਾਂ ਨੇ ਨਕਾਰ ਦਿੱਤਾ ਸੀ।
Share the post "ਬੇਅਦਬੀ ਕੇਸ ’ਚ ਰਾਮ ਰਹੀਮ ਵਿਰੁਧ ਮੁੜ ਸ਼ੁਰੂ ਹੋਈ ਸੁਣਵਾਈ, ਵੀਡੀਓ ਕਾਨਫਰੰਸ ਰਾਹੀਂ ਹੋਇਆ ਪੇਸ਼"