👉ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾਈ ਫਾਰਮੂਲੇ ਦਾ ਦਿੱਤਾ ਮੰਤਰ
ਮਾਨਸਾ 30 ਨਵੰਬਰ:ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਾਅਵਾ ਕੀਤਾ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ,ਪਰ ਸ਼ਰਤ ਹੈ ਕਿ ਅਸੀਂ ਇਸ ਨੂੰ ਖੁਦ ਨਾ ਵਿਸਾਰੀਏ, ਉਹ ਪੰਜਾਬੀ ਮਾਂਹ ਦੇ ਸਮਾਪਤੀ ਸਮਾਰੋਹ ਦੌਰਾਨ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਜਵਾਹਰਕੇ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸਟੇਜ ਦੀਆਂ ਪੋੜੀਆਂ ’ਤੇ ਡੇਢ ਘੰਟਾ ਬੈਠਕੇ ਬੱਚਿਆਂ ਦੇ ਹਾਣ ਦਾ ਬਣਕੇ ਗੱਲਾਂ ਬਾਤਾਂ ਕਰਦੇ ਰਹੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੀ ਮਾਂ ਬੋਲੀ ਪੰਜਾਬੀ ਕਿਸੇ ਨੂੰ ਡੀ ਸੀ ਬਣਾ ਸਕਦੀ ਹੈ,ਉਸ ਤੋਂ ਵੱਧ ਤਾਕਤਵਰ ਕੌਣ ਹੋ ਸਕਦਾ।
ਇਹ ਵੀ ਪੜ੍ਹੋ ਡੇਰਾ ਮੁਖੀ ਨੂੰ ਮੁਆਫ਼ੀ ਦਾ ਮਾਮਲਾ: ਭਾਜਪਾ ਆਗੂ ਮਨਜਿੰਦਰ ਸਿਰਸਾ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬੀ ਚ ਆਈ ਏ ਐੱਸ ਪਾਸ ਕਰਨ ਵਾਲੇ ਵਰਿੰਦਰ ਸ਼ਰਮਾਂ ਮਾਨਸਾ ਵਿਖੇ ਡੀ ਸੀ ਰਹਿ ਚੁੱਕੇ ਨੇ, ਦੂਸਰਾ ਖੁਸ਼ਕਿਸਮਤ ਡੀ ਸੀ ਮੈਂ ਹੈ,ਜਿਸ ਨੂੰ ਮਾਂ ਬੋਲੀ ਨੇ ਏਨੀ ਤਾਕਤ ਦਿੱਤੀ ਹੈ, ਉਨ੍ਹਾਂ ਕਿਹਾ ਕਿ ਫਿਰ ਅਸੀਂ ਕਿਵੇਂ ਆਪਣੀ ਮਾਂ ਬੋਲੀ ਨੂੰ ਭਲਾ ਸਕਦੇ ਹਾਂ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਅਧਿਆਪਕ ਵਰਗ ਨੂੰ ਸੱਦਾ ਦਿੱਤਾ ਕਿ ਉਹ ਵਿਦਿਆਰਥੀਆਂ ਦੇ ਹਾਣ ਦਾ ਬਣਕੇ ਉਨ੍ਹਾਂ ਨੂੰ ਜ਼ਿੰਦਗੀ ਦੇ ਪਾਠ ਪੜ੍ਹਾਉਣ। ਉਨ੍ਹਾਂ ਬੱਚਿਆਂ ਨੂੰ ਸੱਦਾ ਦਿੱਤਾ ਕਿ ਅਸੀਂ ਤਿੰਨ ਤਰ੍ਹਾਂ ਦੀ ਭਾਸ਼ਾ ਵਾਲਾ ਫ਼ਾਰਮੂਲਾ ਅਪਣਾਈਏ, ਪਹਿਲਾ ਆਪਣੀ ਮਾਤ ਭਾਸ਼ਾ ਪੰਜਾਬੀ ਚ ਗੱਲ ਕਰੀਏ,ਦੂਜੀ ਉਸ ਭਾਸ਼ਾ ਜਿਸ ਨਾਲ ਅਸੀਂ ਦੁਨੀਆਂ ਭਰ ਦੇ ਲੋਕਾਂ ਨਾਲ ਸੰਚਾਰ ਕਰ ਸਕੀਏ, ਤੀਸਰੀ ਕੰਪਿਊਟਰ ਦੀ ਭਾਸ਼ਾ ਜਿਸ ਨੇ ਸਾਨੂੰ ਆਉਣ ਵਾਲੀ ਆਧੁਨਿਕ ਟੈਕਨਾਲੋਜੀ ਨਾਲ ਜੋੜਣਾ ਹੈ।
ਇਹ ਵੀ ਪੜ੍ਹੋ ਰਾਹਤ ਭਰੀ ਖ਼ਬਰ: ਤਹਿਸੀਲਦਾਰਾਂ ਨੇ ਹੜਤਾਲ ਲਈ ਵਾਪਸ, ਸੋਮਵਾਰ ਤੋਂ ਤਹਿਸੀਲਾਂ ਵਿਚ ਹੋਵੇਗਾ ਕੰਮਕਾਜ਼
ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਕਿਹਾ ਕਿ ਪੰਜਾਬ ਚ ਧਰਤੀ ਅਨੇਕਾਂ ਗੁਰੂਆਂ, ਪੀਰਾਂ, ਵਿਦਵਾਨਾਂ ਦੀ ਧਰਤੀ ਹੈ, ਜਿਥੇ ਸਾਨੂੰ ਗੁਰਮੁਖੀ ਲਿਪੀ ਦਾ ਵਰਦਾਨ ਮਿਲਿਆ ਹੈ, ਸਾਨੂੰ ਸਿਰਫ਼ ਆਪਣੀ ਅਮੀਰ ਭਾਸ਼ਾ ਨੂੰ ਸਾਂਭਣ ਲਈ ਗੰਭੀਰ ਯਤਨ ਕਰਨ ਦੀ ਲੋੜ ਹੈ। ਸਿੱਖਿਆ ਅਤੇ ਕਲਾ ਮੰਚ ਪੰਜਾਬ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਮਾਤ ਭਾਸ਼ਾ ਦੀ ਪ੍ਰਫੁੱਲਤਾ ਲਈ ਨਵੇਂ ਦਿਸਹੱਦੇ ਪ੍ਰੋਜੈਕਟ ਤਹਿਤ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ। ਸਕੂਲ ਮੁਖੀ ਰੋਹਿਤ ਬਾਂਸਲ, ਸੈਂਟਰ ਹੈੱਡ ਟੀਚਰ ਇੰਦਰਜੀਤ ਕੌਰ, ਸਾਹਿਤਕਾਰ ਅਧਿਆਪਕ ਜਗਤਾਰ ਲਾਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵਿੱਚ ਮਾਂ ਬੋਲੀ ਪੰਜਾਬੀ ਪ੍ਰਤੀ ਹੇਜ ਜਗਾਉਣ ਅਤੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਯਤਨ ਜਾਰੀ ਰਹਿਣਗੇ।
Share the post "ਸਾਡੀ ਮਾਂ ਬੋਲੀ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ : ਡਿਪਟੀ ਕਮਿਸ਼ਨਰ ਕੁਲਵੰਤ ਸਿੰਘ"