👉ਪਹਿਲਕਦਮੀ ਦਾ ਉਦੇਸ਼ ਨਾਗਰਿਕਾਂ ਤੇ ਅਧਿਕਾਰੀਆਂ ਦੇ ਸਮੇਂ ਨੂੰ ਬਚਾਉਣਾ ਤੇ ਲੋਕਾਂ ਦੀ ਸਰਕਾਰ ਤੱਕ ਪਹੁੰਚ ਨੂੰ ਆਸਾਨ ਬਣਾਉਣਾ: ਅਮਨ ਅਰੋੜਾ
ਚੰਡੀਗੜ੍ਹ, 24 ਦਸੰਬਰ:ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਦੱਸਿਆ ਕਿ ਨਾਗਰਿਕਾਂ ਦੀ ਸਹੂਲਤ ਲਈ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਚੰਡੀਗੜ੍ਹ ਵਿੱਚ ਸਥਿਤ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਲਈ ਈ-ਪਾਸ ਸੇਵਾ ਸ਼ੁਰੂ ਕੀਤੀ ਹੈ ਤਾਂ ਜੋ ਲੋਕਾਂ ਨੂੰ ਵਿਜ਼ਟਰ ਪਾਸ ਲਈ ਲਾਈਨਾਂ ਵਿੱਚ ਨਾ ਖੜ੍ਹਨਾ ਪਵੇ।ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਕਦਮ ਨਾਲ ਵਿਜ਼ਟਰ ਪਾਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਤੇ ਆਸਾਨ ਬਣਾਇਆ ਗਿਆ ਹੈ ਤਾਂ ਜੋ ਕੰਮ ਲਈ ਆਉਣ ਵਾਲੇ ਲੋਕਾਂ ਅਤੇ ਸਰਕਾਰੀ ਕਰਮਚਾਰੀਆਂ-ਅਧਿਕਾਰੀਆਂ ਨੂੰ ਪਾਸ ਬਣਾਉਣ ਲਈ ਉਡੀਕ ਨਾ ਕਰਨੀ ਪਵੇ।
ਇਹ ਵੀ ਪੜ੍ਹੋ ਪੰਜਾਬ ਦਾ ਖਣਨ ਖੇਤਰ ਬਣਿਆ ਵਿਕਾਸ-ਮੁਖੀ ਤਬਦੀਲੀਆਂ ਦਾ ਗਵਾਹ
ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਤਿਆਰ ਕੀਤੀ ਗਈ ਈ-ਪਾਸ ਪ੍ਰਣਾਲੀ ਨਾਗਰਿਕਾਂ ਦੇ ਨਾਲ ਨਾਲ ਸਰਕਾਰੀ ਅਧਿਕਾਰੀਆਂ ਲਈ ਵੀ ਕੰਮ ਨੂੰ ਸੌਖਾ ਕਰੇਗੀ।ਇਸ ਨਵੀਂ ਪ੍ਰਣਾਲੀ ਦੇ ਲਾਭਾਂ ਦਾ ਜ਼ਿਕਰ ਕਰਦਿਆਂ ਪ੍ਰਸ਼ਾਸਨਿਕ ਸੁਧਾਰ ਮੰਤਰੀ ਨੇ ਦੱਸਿਆ ਕਿ ਨਾਗਰਿਕ ਅਤੇ ਸਰਕਾਰੀ ਅਧਿਕਾਰੀ ਕੁਨੈਕਟ ਪੋਰਟਲ connect.punjab.gov.in ਰਾਹੀਂ ਜਾਂ PCS-1 ਅਤੇ PCS-2 ਦੇ ਰਿਸੈਪਸ਼ਨ ਕਾਊਂਟਰ ‘ਤੇ ਸੁਵਿਧਾਜਨਕ ਤੌਰ ‘ਤੇ ਵਿਜ਼ਟਰ ਪਾਸਾਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਹੁਣ ਬਿਨੈਕਾਰ ਆਪਣੀਆਂ ਅਰਜ਼ੀਆਂ ਦੀ ਸਥਿਤੀ ਨੂੰ ਆਨਲਾਈਨ ਟਰੈਕ ਕਰ ਸਕਦੇ ਹਨ। ਏ.ਡੀ.ਓ. ਸ਼ਾਖਾ ਵੱਲੋਂ ਦਿੱਤੀਆਂ ਗਈਆਂ ਲਾਗਇਨ ਆਈ.ਡੀਜ਼. ਦੀ ਵਰਤੋਂ ਕਰਕੇ ਪਾਸ ਲਈ ਆਈਆਂ ਬੇਨਤੀਆਂ ਨੂੰ ਸਬੰਧਤ ਵਿਭਾਗ ਮਨਜ਼ੂਰ ਜਾਂ ਅਸਵੀਕਾਰ ਕਰ ਸਕਦੇ ਹਨ।
ਇਹ ਵੀ ਪੜ੍ਹੋ ਦਿੱਲੀ ਵਿਧਾਨ ਸਭਾ ਚੋਣਾਂ: ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਤੇ ਚੇਅਰਮੈਨਾਂ ਦੀ ਮੀਟਿੰਗ ਦਿੱਲੀ ’ਚ ਅੱਜ
ਪ੍ਰਵਾਨਿਤ ਪਾਸ ਸਿੱਧੇ ਬਿਨੈਕਾਰਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ ਉੱਤੇ ਐਸ.ਐਮ.ਐਸ. ਜਾਂ ਵਟਸਐਪ ਰਾਹੀਂ ਭੇਜੇ ਜਾਣਗੇ। ਸਕੱਤਰੇਤ ਪਹੁੰਚਣ ‘ਤੇ ਸੁਰੱਖਿਆ ਅਧਿਕਾਰੀਆਂ ਨੂੰ ਤਸਦੀਕ ਲਈ ਵਿਜ਼ਟਰ ਆਪਣਾ ਆਨਲਾਈਨ ਕਿਊ. ਆਰ. ਕੋਡ ਆਪਣੇ ਆਈ.ਡੀ. ਪਰੂਫ਼ ਸਮੇਤ ਪੇਸ਼ ਕਰਨਗੇ। ਸ਼੍ਰੀ ਅਮਨ ਅਰੋੜਾ ਨੇ ਕਿਹਾ, “ਇਹ ਡਿਜ਼ੀਟਲ ਪਹਿਲਕਦਮੀ ਨਾਗਰਿਕ-ਕੇਂਦ੍ਰਿਤ ਸ਼ਾਸਨ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪ੍ਰਕਿਰਿਆ ਨੂੰ ਸੁਚਾਰੂ ਬਣਾ ਕੇ ਬੇਲੋੜੀ ਦੇਰੀ ਅਤੇ ਕਾਗਜ਼ੀ ਕਾਰਵਾਈਆਂ ਨੂੰ ਖਤਮ ਕਰਕੇ ਅਸੀਂ ਨਾਗਰਿਕਾਂ ਲਈ ਸਰਕਾਰੀ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾ ਕੇ ਉਹਨਾਂ ਦੇ ਸਮੁੱਚੇ ਅਨੁਭਵ ਨੂੰ ਬਿਹਤਰ ਬਣਾ ਰਹੇ ਹਾਂ।”
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਪੰਜਾਬ ਸਿਵਲ ਸਕੱਤਰੇਤ ਦੇ ਪਾਸ ਲਈ ਹੁਣ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ; ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਈ-ਪਾਸ ਸਹੂਲਤ ਸ਼ੁਰੂ"