ਕਿਹਾ, ਸਾਢੇ ਚਾਰ ਸਾਲ ਖ਼ਜਾਨਾ ਖਾਲੀ ਸੀ ਤਾਂ ਹੁਣ ਚੋਣਾਂ ਨੇੜੇ ਕਿਵੇਂ ਭਰਿਆ
ਸੁਖਜਿੰਦਰ ਮਾਨ
ਬਠਿੰਡਾ, 7 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਵਪਾਰ ਵਿੰਗ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ ’ਤੇ ਸਵਾਲ ਉਠਾਉਂਦਿਆਂ ਇਸਨੂੰ ਸਿਆਸੀ ਸਟੰਟ ਕਰਾਰ ਦਿੱਤਾ। ਅੱਜ ਇੱਥੇ ਜਾਰੀ ਬਿਆਨ ਵਿਚ ਉਨ੍ਹਾਂ ਪੈਟਰੋਲ 10 ਰੁਪਏ ਅਤੇ ਡੀਜਲ 5 ਰੁਪਏ ਘਟਾਉਣ ਦੇ ਮਾਮਲੇ ਵਿਚ ਕਿਹਾ ਕਿ ਪਹਿਲਾਂ ਪੌਣੇ ਪੰਜ ਸਾਲ ਖਜਾਨਾ ਖਾਲੀ ਹੋਣ ਦਾ ਰੌਲਾ ਪਾਉਣ ਵਾਲੇ ਖਜਾਨਾ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਨੂੰ ਦਸਣ ਕਿ ਹੁਣ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਪੰਜਾਬੀਆਂ ਲਈ ਕਿਵੇਂ ਰਾਹਤਾਂ ਦੇ ਪਿਟਾਰੇ ਖੁੱਲਣ ਲੱਗੇ ਹਨ। ਸਾਬਕਾ ਵਿਧਾਇਕ ਨੇ ਕਿਹਾ ਕਿ ਜੇਕਰ ਰਾਹਤ ਦੇਣੀ ਹੀ ਸੀ ਤਾਂ ਪੰਜਾਬ ਜੋ ਸਭ ਤੋਂ ਵੱਧ ਵੈਟ ਟੈਕਸ ਵਸੂਲਦਾ ਹੈ ਉਸ ਵਿੱਚ 50 ਫੀਸਦੀ ਵੈਟ ਘਟਾਉਣ ਦੀ ਰਾਹ ਦਿੰਦੇ ਤਾਂ ਜੋ ਪੈਟਰੋਲ ਅਤੇ ਡੀਜਲ ਵਿੱਚ ਵੱਡੀ ਰਾਹਤ ਮਿਲਦੀ। ਸ਼੍ਰੀ ਸਿੰਗਲਾ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਜੋਜੋ ਜੌਹਲ ’ਤੇ ਵੀ ਨਿਸ਼ਾਨੇ ਕਸਦਿਆਂ ਕਿਹਾ ਕਿ ਨਹਿਰਬੰਦੀ ਕਰਕੇ ਸ਼ਹਿਰ ਵਿਚ ਪਾਣੀ ਦੀ ਕਿੱਲਤ ਹੈ ਪਰੰਤੂ ਸ਼ਹਿਰ ਦੇ ਵਿਧਾਇਕ ਨੇ ਲੋਕਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੋਈ ਯਤਨ ਨਹੀਂ ਕੀਤੇ ਹੁਣ ਜਦੋਂ ਨਹਿਰਬੰਦੀ ਟੁੱਟਣ ਦਾ ਸਮਾਂ ਆ ਗਿਆ ਤੇ ਪਰਵਾਸੀ ਭਾਈਚਾਰੇ ਦੇ ਪਵਿੱਤਰ ਤਿਉਹਾਰ ਛੱਠ ਪੂਜਾ ਦਾ ਤਿਉਹਾਰ ਆ ਰਿਹਾ ਹੈ ਤਾਂ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਵਿਧਾਇਕਾਂ ਨੂੰ ਇਨ੍ਹਾਂ ਸਮੱਸਿਆਵਾਂ ਪ੍ਰਤੀ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਹੈਰਾਨਗੀ ਹੁੰਦੀ ਹੈ ਕਿ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਸਿਆਸਤ ਹੋ ਰਹੀ ਹੈ।
Share the post "ਸਰੂਪ ਸਿੰਗਲਾ ਨੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ ’ਤੇ ਚੁੱਕੇ ਸਵਾਲ"