ਬਠਿੰਡਾ ’ਚ ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ
ਗ੍ਰਹਿ ਮੰਤਰੀ ਦੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕਰਨ ਦੀ ਕੀਤੀ ਨਿਖੇਧੀ
ਕਿਹਾ ਕਿ ਘਰ ਘਰ ਨੌਕਰੀ ਸਕੀਮ ਕੇਵਲ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਤੇ ਰਿਸ਼ਤੇਦਾਰਾਂ ਤੱਕ ਸੀਮਤ
ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ: ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਹਫਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜਾਂ ਤਾਂ ਇਸ ਸਮੇਂ ਅੰਦਰ ਉਹ ਕਿਸਾਨਾਂ ਨੂੰ ਡੀ ਏ ਪੀ ਖਾਦ ਪ੍ਰਦਾਨ ਨਹੀਂ ਤਾਂ ਫਿਰ ਅਕਾਲੀ ਦਲ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰੇਗਾ। ਅੱਜ ਇੱਥੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਾਂਗਰਸ ਸਰਕਾਰ ਕਣਕ ਦੇ ਸੀਜ਼ਨ ਦੌਰਾਨ ਡੀ ਏ ਪੀ ਖਾਦ ਉਪਲਬਧ ਕਰਵਾਉਣ ਲਈ ਢੁਕਵਾਂ ਸਟਾਕ ਨਹੀਂ ਰੱਖ ਸਕੀ ਤੇ ਹੁਣ ਇਹ ਖਾਦ ਬਲੈਕ ਵਿਚ ਵਿਕ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਡੀ ਏ ਪੀ ਦੇ ਨਾਲ ਜ਼ਿੰਕ ਤੇ ਫਾਸਫੇਟ ਖਾਦਾਂ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਇਸਕਰ ਕੇ ਹੋ ਰਿਹਾ ਹੈ ਕਿਉਕਿ ਕਾਂਗਰਸੀ ਆਗੂ ਆਪਸੀ ਲੜਾਈ ਵਿਚ ਉਲਝੇ ਹੋਏ ਹਨ। ਸਰਦਾਰ ਬਾਦਲ ਨੇ ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਤਬਾਹ ਦੇ ਮੁਆਵਜੇ ਵਜੋਂ ਪ੍ਰਭਾਵਿਤ ਕਿਸਾਨਾਂ ਨੁੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਨਾ ਦੇਣ ’ਤੇ ਵੀ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ। ਇਸ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸ: ਬਾਦਲ ਨੇ ਮੁੱਖ ਮੰਤਰੀ ’ਤੇ ਦੋਸ਼ ਲਗਾਇਆ ਕਿ ਉਹਨਾਂ ਦੇ ਭਰਾ, ਪੁੱਤਰ ਤੇ ਜਵਾਈ ਸਮੇਤ ਹੋਰ ਰਿਸ਼ਤੇਦਾਰਾਂ ਨੇ ਗੈਰ ਕਾਨੂੰਨੀ ਲਾਭ ਦੇਣ ਲਈ ਦੁਕਾਨਾਂ ਖੋਲ੍ਹ ਲਈਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਆਬਕਾਰੀ ਤੇ ਕਰ ਵਿਭਾਗ ਤੇ ਉਦਯੋਗ ਤੇ ਮਾਇਨਿੰਗ ਵਿਭਾਗ ਦੀ ਵੰਡ ਕਰ ਕੇ ਆਬਕਾਰੀ ਤੇ ਮਾਇਨਿੰਗ ਮਾਫੀਆ ਆਪਣੇ ਕੋਲ ਰੱਖ ਕੇ ਸ਼ਰਾਬ ਤੇ ਰੇਤ ਮਾਇਨਿੰਗ ’ਤੇ ਅਸਿੱਧੇ ਤੌਰ ’ਤੇ ਕਬਜ਼ਾ ਕਰ ਲਿਆ ਹੈ।ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰੁਣਵੀਰ ਲਹਿਲ ਨੁੰ ਐਡੀਸ਼ਨਲ ਐਡਵੋਕੇਟ ਜਨਰਲ ਲਾਏ ਜਾਣ ’ਤੇ ਪ੍ਰਤੀਕਰਮ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਚੰਨੀ ਵੀ ਆਪਣੇ ਤੋਂ ਪਹਿਲਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਕਸ਼ੇ ਕਦਮਾਂ ’ਤੇ ਚਲ ਰਹੇ ਹਨ ਤੇ ਵੱਡੀਆਂ ਵੱਡੀਆਂ ਪੋਸਟਾਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੁੰ ਦੇ ਰਹੇ ਹਨ ਤੇ ਇਸ ਨਾਲ ਘਰ ਘਰ ਨੌਕਰੀ ਸਕੀਮ ਕਾਂਗਰਸ ਘਰ ਨੌਕਰੀ ਬਣ ਕੇ ਰਹਿ ਗਈ ਹੈ। ਬਾਦਲ ਨੇ ਅਧਿਕਾਰੀਆਂ ਨੁੰ ਚੇਤਾਵਨੀ ਦਿੱਤੀ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਦੇ ਇਸ਼ਾਰੇ ’ਤੇ ਅਕਾਲੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ । ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ’ਤੇ ਅਜਿਹੇ ਸਾਰੇ ਅਫਸਰਾਂ ਤੋਂ ਹਿਸਾਬ ਲਿਆ ਜਾਵੇਗਾ।ਇਸ ਮੌਕੇ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਜੀਤ ਮਹਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਕੋਟਫੱਤਾ, ਪ੍ਰਕਾਸ਼ ਸਿੰਘ ਭੱਟੀ , ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸੀਨੀਅਰ ਯੂਥ ਆਗੂ ਜਗਸੀਰ ਸਿੰਘ ਜੱਗਾ ਕਲਿਆਣ, ਮੋਹਿਤ ਗੁਪਤਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਭ ਢੇਲਵਾ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਗੁਰਪ੍ਰੀਤ ਸਿੰਘ ਮਲੂਕਾ, ਗਰਦੌਰ ਸਿੰਘ, ਬਬਲੀ ਢਿੱਲੋਂ, ਗੁਰਮੀਤ ਸਿੰਘ ਬੁਰਜ਼, ਚਮਕੌਰ ਮਾਨ,ਨਿਰਮਲ ਸੰਧੂ, ਰਾਜਵਿੰਦਰ ਸਿੱਧੂ, ਹਰਪਾਲ ਢਿੱਲੋਂ, ਸੁਖਵੀਰ ਸਿੰਘ ਜੱਸੀ, ਗੁਰਸੇਵਕ ਮਾਨ,ਹਰਜਿੰਦਰ ਛਿੰਦਾ ਆਦਿ ਵੀ ਹਾਜ਼ਰ ਸਨ।
Share the post "ਸੁਖਬੀਰ ਵੱਲੋਂ ਕਿਸਾਨਾਂ ਨੂੰ ਡੀ ਏ ਪੀ ਉਬਪਲਬਧ ਕਰਵਾਉਣ ਲਈ ਇਕ ਹਫਤੇ ਦਾ ਅਲਟੀਮੇਟਮ"