
Punjab News: ਪੰਜਾਬ ਦੀ ਸਭ ਤੋਂ ਪੁਰਾਤਨ ਤੇ ਇਤਿਹਾਸਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਪਏ ਹੋਏ ਖਿਲਾਰੇ ਨੂੰ ਦੇਖਦਿਆਂ ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵਿਰੋਧੀਆਂ ਨੂੰ ਮੁੜ ਇੱਕਜੁਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਤਰਕ ਦਿੱਤਾ ਹੈ ਕਿ ਮੌਜੂਦਾ ਸਮੇਂ ਪੰਜਾਬ ਅਤੇ ਸਮੁੱਚਾ ਖ਼ਾਲਸਾ ਪੰਥ ਇਕ ਬੇਹੱਦ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿਸਦੇ ਲਈ ਧਾਰਮਿਕ ਹੋਂਦ, ਵਿਰਸੇ ਅਤੇ ਪਹਿਚਾਣ ਉੱਤੇ ਹੋ ਰਹੇ ਭਿਆਨਕ ਹਮਲਿਆਂ ਨੂੰ ਬਚਾਉਣ ਲਈ ਇੱਕਜੁਟ ਹੋ ਕੇ ਜਵਾਬ ਦੇਣਾ ਸਮੇਂ ਦੀ ਮੰਗ ਹੈ। ਦੂਜੇ ਪਾਸੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨ ਕੇ ਅਕਾਲੀ ਦਲ ਦੀ ਭਰਤੀ ਕਰ ਰਹੀ ਪੰਜ ਮੈਂਬਰੀ ਕਮੇਟੀ ਨੇ ਬਲਵਿੰਦਰ ਸਿੰਘ ਭੂੰਦੜ ਦੀ ਅਪੀਲ ਦਾ ਜਵਾਬ ਦਿੱਤਾ ਹੈ। ਜਿਸਦੇ ਵਿਚ ਉਨ੍ਹਾਂ ਪੁੱਛਿਆ ਹੈ ਕਿ ‘‘ਪੰਥ ਨੂੰ ਨਾਜ਼ੁਕ ਹਾਲਤਾਂ ਵਿੱਚ ਲੈਕੇ ਜਾਣ ਲਈ ਜ਼ਿੰਮੇਵਾਰ ਕੌਣ ਹੈ, ਕਿਸ ਦੀ ਵਜਾ ਨਾਲ ਹਾਲਾਤ ਬਣੇ, ਕੌਣ ਪੰਥ ਦੀਆਂ ਭਾਵਨਾਵਾਂ ਨੂੰ ਹਤਾਸ਼ ਕਰ ਰਿਹਾ ਹੈ, ਕੌਮ ਪੰਥ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ। ਪੰਥ ਦੀ ਨੁਮਾਇੰਦਾ ਜਮਾਤ ਨੂੰ ਕਮਜ਼ੋਰ ਕਿਸ ਨੇ ਕੀਤਾ, ਪੰਥ ਦੀ ਨੁਮਾਇੰਦਾ ਜਮਾਤ ਨੂੰ ਪ੍ਰਾਈਵੇਟ ਲਿਮਿਟਡ ਕੰਪਨੀ ਵਾਂਗ ਕਿਸ ਨੇ ਚਲਾਇਆ। ’’ ਇਸ ਕਮੇਟੀ ਨੇ ਇਹ ਵੀ ਸਵਾਲ ਖ਼ੜੇ ਕੀਤੇ ਹਨ ਕਿ, ਕੀ ਵਨਮੈਨ ਸ਼ੋਅ ਰਾਹੀਂ ਪੰਥ ਦੀ ਨੁਮਾਇਦਾ ਜਮਾਤ ਦਾ ਭਲਾ ਹੋ ਸਕਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਗੱਲ ਸਿਧਾਤਾਂ ਉਪਰ ਪਹਿਰਾ ਦੇਣ ਦੀ ਹੈ। ਗੱਲ ਪੰਜਾਬ ਅਤੇ ਪੰਥ ਦੀ ਨੁਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਸੁਰਜੀਤ ਰੱਖਣ ਅਤੇ ਤਕੜਾ ਕਰਨ ਦੀ ਹੈ, ਨਾ ਕਿ ਇੱਕ ਵਿਅਕਤੀ ਵਿਸ਼ੇਸ਼ ਅਤੇ ਪਰਿਵਾਰ ਦੀ ਸਿਆਸਤ ਦੀ ਢਾਲ ਬਣਨ ਦੀ।
ਇਹ ਵੀ ਪੜ੍ਹੋ ਜਲੰਧਰ ’ਚ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌ+ਤ,2 ਦੀ ਜਖ਼ਮੀ
ਜਿਕਰਯੋਗ ਹੈ ਕਿ ਅੱਜ ਵੀਰਵਾਰ ਨੂੰ ਬਲਵਿੰਦਰ ਸਿੰਘ ਭੂੰਦੜ ਨੇ ਅਕਾਲੀ ਦਲ ਦੇ ਸ਼ੋਸਲ ਮੀਡੀਆ ਪਲੇਟਫ਼ਾਰਮ ’ਤੇ ‘ਏਕੇ’ ਲਈ ਇੱਕ ਭਾਵਪੂਰਤ ਅਪੀਲ ਪਾਈ ਸੀ। ਜਿਸਦੇ ਵਿਚ ਉਨ੍ਹਾਂ ਲਿਖਿਆ ਸੀ ਕਿ ‘‘ ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਹਰਿਆਣਾ ਤੇ ਹੋਰ ਥਾਵਾਂ ‘ਤੇ ਸਥਿਤ ਸਾਡੀਆਂ ਧਾਰਮਿਕ ਸੰਸਥਾਵਾਂ ਉੱਤੇ ਸਿੱਖ ਵਿਰੋਧੀ ਤਾਕਤਾਂ ਕਬਜ਼ਾ ਕਰ ਚੁੱਕੀਆਂ ਹਨ ।ਹੁਣ ਇਹ ਹਮਲੇ ਸ੍ਰੀ ਅੰਮ੍ਰਿਤਸਰ ਸਾਹਿਬ ਸਮੇਤ ਪੰਜਾਬ ਵਿਚ ਸਥਿਤ ਸਾਡੇ ਪਾਵਨ ਅਤੇ ਇਤਿਹਾਸਿਕ ਗੁਰਧਾਮਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਦਹਿਲੀਜ਼ ਤੱਕ ਪਹੁੰਚ ਚੁੱਕੇ ਹਨ।ਇਹ ਵਕਤ ਕੌਮ ਅਤੇ ਸੂਬੇ ਦੀ ਮਹਾਨ ਵਿਰਾਸਤ ਨੂੰ ਬਾਹਰੀ ਸਾਜ਼ਿਸ਼ਾਂ ਤੋਂ ਬਚਾਉਣ ਦਾ ਹੈ। ’’ ਉਨ੍ਹਾਂ ਲਿਖਿਆ ਕਿ, ਪਿਛਲੇ ਸੌ ਸਾਲ ਦੌਰਾਨ ਕੇਵਲ ਅਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੀ ਅਣਖ, ਆਬਰੂ ਅਤੇ ਪਹਿਚਾਣ ਉੱਤੇ ਪਹਿਰਾ ਦੇਣ ਲਈ ਜੂਝਦਾ ਆਇਆ ਹੈ । ਅਜਿਹੇ ਵਕਤਾਂ ਦੌਰਾਨ ਗੁਰੂ ਮਹਾਰਾਜ ਜੀ ਨੇ ਖੁਦ ਆਪਣੇ ਪੰਥ ਦੇ ਸਿਰ ‘ਤੇ ਮਹਿਰ ਦਾ ਹੱਥ ਰੱਖ ਕੇ ਕੌਮ ਅੰਦਰ ਏਕਤਾ ਅਤੇ ਇਤਫ਼ਾਕ ਦੀ ਦਾਤ ਬਖ਼ਸ਼ੀ ਹੈ । ਉਸੇ ਏਕਤਾ ਸਦਕਾ ਕੌਮ ਤੇ ਪਾਰਟੀ ਨੇ ਇਤਿਹਾਸਿਕ ਜਿੱਤਾਂ ਹਾਸਿਲ ਕੀਤੀਆਂ ਹਨ। ਉਨ੍ਹਾਂ ਅਕਾਲੀ ਦਲ ਲਈ ਵੱਖਰੀ ਭਰਤੀ ਕਰ ਰਹੇ ਧੜੇ ਨੂੰ ਮੁੜ ਅਪੀਲ ਕਰਦਿਆਂ ਕਿਹਾ ਸੀ ਕਿ ‘‘ਆਓ,ਹੁਣ ਬੀਤੇ ਦੀਆਂ ਨਰਾਜ਼ਗੀਆਂ ਭੁੱਲ ਕੇ ਆਪਸੀ ਸਤਿਕਾਰ ਤੇ ਵਿਸ਼ਵਾਸ ਦੀ ਭਾਵਨਾ ਨਾਲ ਇਕੱਠੇ ਹੋ ਕੇ ਪੰਜਾਬ ਦੀ ਵਾਹਿਦ ਨੁਮਾਇੰਦਾ ਤੇ ਖੇਤਰੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੇ ਪੰਥ ਅਤੇ ਪੰਜਾਬ ਦੀ ਸੇਵਾ ਵਿਚ ਆਪਣਾ ਫ਼ਰਜ਼ ਅਦਾ ਕਰਕੇ ਗੁਰੂ ਪਿਆਰ ਦੇ ਕਾਬਿਲ ਬਣੀਏ ।
ਇਹ ਵੀ ਪੜ੍ਹੋ ਡਿੱਬਰੂਗੜ੍ਹ ਤੋਂ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਪੰਜਾਬ ਲਿਆਂਦਾ, ਮਿਲਿਆ ਪੁਲਿਸ ਰਿਮਾਂਡ
ਆਉਣ ਵਾਲੀਆਂ ਨਸਲਾਂ ਪ੍ਰਤੀ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ’’ ਦੂਜ ਪਾਸੇ ਪੰਜ ਮੈਂਬਰੀ ਕਮੇਟੀ ਨੇ ਵੀ ਇਸੇ ਸਿਆਸੀ ਭਾਸ਼ਾ ਵਿਚ ਅਕਾਲੀ ਦਲ ਦੇ ਕਾਰਜ਼ਕਰੀ ਪ੍ਰਧਾਨ ਦੀ ਅਪੀਲ ਦਾ ਜਵਾਬ ਵੀ ਸੋਸਲ ਮੀਡੀਆ ਰਾਹੀਂ ਦਿੱਤਾ ਹੈ। ਜਿਸਦ ਵਿਚ ਉਨ੍ਹਾਂ ਦਾਅਵਾ ਕੀਤਾ ਹੈ ਕਿ ‘‘ ਅੱਜ ਤੁਹਾਡਾ ਪਾਰਟੀ ਦੇ ਸੋਸ਼ਲ ਮੀਡੀਆ ਪੇਜ ਉੱਪਰ ਪੱਤਰ ਪੜ੍ਹ ਕੇ ਤੁਹਾਡੀ ਪਾਰਟੀ ਪ੍ਰਤੀ ਇਖ਼ਲਾਕਣ ਜ਼ਿੰਮੇਵਾਰੀ, ਫਰਜ਼ ਅਤੇ ਦਿਆਨਦਾਰਤਾ ਤੇ ਦੋਹਰੀ ਸੋਚ ਵਾਲਾ ਪੈਮਾਨਾ ਨਜ਼ਰ ਆਇਆ। ਅਸੀਂ ਨਿੱਜੀ ਤੌਰ ਤੇ ਤੁਹਾਡਾ ਬੇਹੱਦ ਸਤਿਕਾਰ ਕਰਦੇ ਹਾਂ, ਅਸੀ ਸਾਰਿਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਤੋਂ ਬੜਾ ਕੁਝ ਗ੍ਰਹਿਣ ਵੀ ਕੀਤਾ ਹੈ। ਪਰ ਅਫਸੋਸ ਹੈ ਕਿ ਤੁਹਾਡੀ ਇਸ ਵਕਤ ਭੂਮਿਕਾ ਬੜੀ ਸੰਜੀਦਾ ਬਣਦੀ ਸੀ ਪਰ ਤੁਸੀ ਕਿਸੇ ਨਾ ਕਿਸੇ ਡੂੰਘੀ, ਸੋਚ ਵਾਲੀ ਸਾਜਿਸ਼ ਹੇਠ ਅੱਗੇ ਵਧ ਰਹੇ ਹੋ ਜਿਸ ਕਰਕੇ ਤੁਹਾਡੀ ਚਿੱਠੀ ਵਿੱਚ ਨਫ਼ਰਤ ਦੀ ਪਾਠਸ਼ਾਲਾ ਜਿਆਦਾ ਝਲਕਦੀ ਹੈ।’’ ਕਮੇਟੀ ਮੈਂਬਰਾਂ ਨੇ ਆਪਣੇ ਜਵਾਬ ਵਿਚ ਅੱਗੇ ਲਿਖਿਆ ਹੈ ਕਿ ‘‘ਜਿਥੋਂ ਤੱਕ ਗੱਲ ਧਾਰਮਿਕ ਹੋਂਦ ਵਿਰਸੇ ਦੀ ਹੈ, ਉਸ ਨੂੰ ਖਤਰੇ ਵਿੱਚ ਪਾਉਣ ਵਾਲੇ ਕੌਣ ਹਨ। ਸਰਕਾਰ ਦੌਰਾਨ ਗਲਤੀਆਂ ਗੁਨਾਹਾਂ ਦੀ ਮਿਲੀ ਧਾਰਮਿਕ ਸੇਵਾ ਤੋਂ ਬਾਅਦ ਹਰ ਅਕਾਲੀ ਹਿਤੈਸ਼ੀ ਸੋਚ ਦੇ ਮਾਲਕ ਵਰਕਰ ਨੂੰ ਆਸ ਉਮੀਦ ਬਣੀ ਕਿ ਅਕਾਲੀ ਦਲ ਮਜ਼ਬੂਤ ਹੋਕੇ ਨਿਕਲੇਗਾ, ਪਰ ਸੇਵਾ ਹਾਲੇ ਪੂਰੀ ਵੀ ਨਹੀਂ ਹੋਈ ਸੀ ਕਿ ਪਾਰਟੀ ਵਿੱਚ ਬੈਠੇ ਭਾੜੇ ਦੇ ਕਰਿੰਦਿਆਂ ਨੇ ਪੂਰੀ ਦੁਨੀਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨਤਾ ਦਾ ਸੰਕਲਪ ਨੂੰ ਮਜ਼ਬੂਤੀ ਨਾਲ ਰੱਖਣ ਵਾਲੇ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ ਪੰਜਾਬ ਵਿਧਾਨ ਸਭਾ ’ਚ ਸੰਤ ਸੀਚੇਵਾਲ ਮਾਡਲ ’ਤੇ ਬਾਜਵਾ ਦੀ ਟਿੱਪਣੀ ਉਪਰ ਹੰਗਾਮਾ
ਪੰਥ ਵਿਚੋਂ ਛੇਕੇ ਬੰਦਿਆਂ ਨੂੰ ਹਰ ਟੀਵੀ ਚੈਨਲ ਤੇ ਪਰੋਸ ਕੇ ਪੇਸ਼ ਕੀਤਾ। ਪਾਰਟੀ ਦੇ ਅਧਿਕਾਰਿਕ ਸੋਸ਼ਲ ਮੀਡੀਆ ਪਲੇਟਫਾਰਮ ਤੱਕ ਵੀ ਅਜਿਹੇ ਬੰਦਿਆਂ ਜਰੀਏ ਸਿੰਘ ਸਾਹਿਬਾਨ ਦੀ ਇਸ ਕਰਕੇ ਕਿਰਦਾਰਕੁਸ਼ੀ ਕਰਵਾਈ ਕਿਉ ਕਿ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਕੁਝ ਲੋਕਾਂ ਨੂੰ ਫਿੱਟ ਨਹੀਂ ਬੈਠੇ। ਤੁਸੀ ਹਮਲਿਆਂ ਦਾ ਜ਼ਿਕਰ ਕੀਤਾ, ਇਹ ਹਮਲੇ ਕੀਤੇ ਕਿਸ ਵਲੋ ਜਾ ਰਹੇ ਹਨ। ਕੌਣ ਹੈ ਹਮਲਾਵਰ ਗੈਂਗ ਦਾ ਸਰਗਣਾ। ਕਿਸ ਦੇ ਇੱਕ ਇਸ਼ਾਰੇ ਉਪਰ ਤਿੰਨ ਮਹੀਨਿਆਂ ਦੇ ਸਮੇਂ ਦੌਰਾਨ ਜਥੇਦਾਰ ਸਾਹਿਬਾਨ ਬੇਇੱਜਤ ਕਰਕੇ ਹਟਾਏ ਗਏ। ’’ ਪੰਜ ਮੈਂਬਰੀ ਕਮੇਟੀ ਨੇ ਭੂੰਦੜ ਨੂੰ ਉਲਟਾ ਅਪੀਲ ਕਰਦਿਆਂ ਕਿਹਾ, ‘‘ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਭਰਤੀ ਮੁਹਿੰਮ ਸੁਰੂ ਕੀਤੀ ਹੈ, ਆਉ ਰਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਉਪਰ ਬਣੀ ਭਰਤੀ ਕਮੇਟੀ ਜਰੀਏ ਪੰਜਾਬ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇਦਾ ਜਮਾਤ ਦੇ ਮੈਂਬਰ ਬਣੀਏ। ’’ ਇਸ ਤੋਂ ਇਲਾਵਾ ਕਮੇਟੀ ਮੈਂਬਰਾਂ ਨੇ ਕਾਰਜਕਾਰੀ ਪ੍ਰਧਾਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਇੰਨਬਿੰਨ ਲਾਗੂ ਕਰਕੇ ਇੱਕ ਵਿਅਕਤੀ ਵਿਸ਼ੇਸ਼ ਦੇ ਹੱਕ ਵਿੱਚ ਆਪਣੇ ਅਸਤੀਫਿਆਂ ਦੀ ਪੇਸ਼ਕਸ਼ ਕਰਨ ਵਾਲੇ ਆਗੂਆਂ ਦੇ ਅਸਤੀਫ਼ਿਆਂ ਨੂੰ ਵੀ ਪ੍ਰਵਾਨ ਕਰਨ ਦੀ ਅਪੀਲ ਕੀਤੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਭੂੰਦੜ ਵੱਲੋਂ ਮੁੜ ਵਿਰੋਧੀਆਂ ਨੂੰ ਇੱਕਜੁਟ ਹੋਣ ਦਾ ਸੱਦਾ; ਪੰਜ ਮੈਂਬਰੀ ਕਮੇਟੀ ਨੇ ਪੁੱਛਿਆ,ਪੰਥ ਨੂੰ ਮੌਜੂਦਾ ਹਾਲਾਤਾਂ ’ਚ ਲਿਜਾਣ ਲਈ ਜਿੰਮੇਵਾਰ ਕੌਣ?"




