ਸੁਖਜਿੰਦਰ ਮਾਨ
ਬਠਿੰਡਾ, 11 ਨਵੰਬਰ : ਬੀਤੇ ਕੱਲ ਬਠਿੰਡਾ ਪੁੱਜੇ ਬਠਿੰਡਾ ਜ਼ਿਲੇ ਦੇ ਇੰਚਾਰਜ਼ ਤੇ ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਲੋਂ ਦਿੱਤੇ ਆਦੇਸ਼ਾਂ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਵਲੋਂ ਮੋੜ ਹਲਕੇ ਅਧੀਨ ਆਉਂਦੇ ਬਲਾਕ ਮੌੜ ਅਤੇ ਰਾਮਪੁਰਾ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਕਾਂਗਰਸੀ ਆਗੂ ਸ਼੍ਰੀਮਤੀ ਮੰਜੂ ਬਾਂਸਲ ਅਤੇ ਵਿਧਾਇਕ ਕਮਾਲੂ ਦੇ ਪੁੱਤਰ ਅਵਤਾਰ ਸਿੰਘ ਕਮਾਲੂ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਸਰਪੰਚਾਂ ਨੇ ਅਪਣੇ ਪਿੰਡਾਂ ਦੀਆਂ ਸਮੱਸਿਆਵਾਂ ਦਸੀਆਂ ਤੇ ਪ੍ਰਸ਼ਾਸਨ ਵਲੋਂ ਮੌਕੇ ’ਤੇ ਯੋਗ ਸਮੱਸਿਆਵਾਂ ਦਾ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਸੰਧੂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਚੱਲ ਰਹੇ ਵਿਕਾਸ ਕਾਰਜਾਂ ਨੂੰ ਤਹਿ ਸਮੇਂ ਅਨੁਸਾਰ ਪੂਰਾ ਕੀਤਾ ਜਾਵੇ।
ਬੈਠਕ ਦੌਰਾਨ ਪਹੁੰਚੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵਲੋਂ ਨਹਿਰੀ ਅਤੇ ਸਾਫ਼ ਪੀਣ ਵਾਲੇ ਪਾਣੀ, ਬਿਜਲੀ, ਸੀਵਰੇਜ਼, ਜਲ ਘਰਾਂ ਦੀਆਂ ਸਮੱਸਿਆਵਾਂ, ਲਿੰਕ ਸੜਕਾਂ ਦੀ ਮੁਰੰਮਤ, ਗਲੀਆਂ-ਨਾਲੀਆਂ ਪੱਕੀਆਂ ਕਰਨ, ਕਈ ਪਿੰਡਾਂ ਦੀਆਂ ਡਿਸਪੈਂਸਰੀਆਂ ਦੀਆਂ ਖਸਤਾ ਇਮਾਰਤਾਂ ਤੋਂ ਇਲਾਵਾ ਰਾਮਾਂ ਮੰਡੀ ਵਿਖੇ ਬਨਣ ਵਾਲੇ ਅੰਡਰ ਬਿ੍ਰਜ਼ ਆਦਿ ਸਮੱਸਿਆਵਾਂ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਕਿਸਾਨਾਂ ਨੂੰ ਡੀਏਪੀ ਖਾਦ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਂਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ ਦੀਆਂ ਇਮਾਰਤਾਂ ਅਤੇ ਹੋਰ ਸਮੱਸਿਆਵਾਂ ਸਬੰਧੀ ਰਿਪੋਰਟ ਜਲਦ ਤਿਆਰ ਕਰਕੇ ਭੇਜੀ ਜਾਵੇ।
ਇਸ ਮੌਕੇ ਏਡੀਸੀ ਵਰਿੰਦਰ ਪਾਲ ਸਿੰਘ ਬਾਜਵਾ, ਸਿਵਲ ਸਰਜਨ ਡਾ. ਤੇਜਵੰਤ ਸਿੰਘ, ਐਸਡੀਐਮ ਕੰਵਰਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੀਰੂ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੇਵਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਸਿੰਘ ਸੰਦੋਹਾ, ਮੁੱਖ ਖੇਤੀਬਾੜੀ ਅਫ਼ਸਰ ਡਾ. ਪਾਖਰ ਸਿੰਘ ਤੋਂ ਇਲਾਵਾ ਸਬੰਧਤ ਤਹਿਸੀਲਦਾਰ ਅਤੇ ਬੀਡੀਪੀਓਜ਼ ਆਦਿ ਹਾਜ਼ਰ ਸਨ।
ਮੋੜ ਹਲਕੇ ਦੇ ਸਰਪੰਚਾਂ ਨਾਲ ਡੀਸੀ ਨੇ ਕੀਤੀ ਮੀਟਿੰਗ
25 Views