ਸੁਖਜਿੰਦਰ ਮਾਨ
ਬਠਿੰਡਾ, 19 ਨਵੰਬਰ : ਐਗਰੀਟੈੱਕ ਸੈਕਟਰ ਵਿੱਚ ਸਟਾਰਟ ਅੱਪ ਈਕੋ ਸਿਸਟਮ ਨੂੰ ਵਿਕਸਤ ਕਰਨ ਵਿੱਚ ਮਦਦ ਕਰਨ ਲਈ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ, ਬਠਿੰਡਾ ਨੇ ਸਟਾਰਟ ਅੱਪ ਸੈੱਲ, ਪੰਜਾਬ ਸਰਕਾਰ ਦੇ ਨਾਲ ਮਿਲ ਕੇ ਐਗਰੀ ਇਨੋਵੇਸ਼ਨ ਮੁਕਾਬਲਾ-2021 ਕਰਵਾਇਆ। ਇਸ ਮੁਕਾਬਲੇ ਵਿੱਚ ਖੇਤੀਬਾੜੀ ਦੇ ਖੇਤਰ ਅਤੇ ਖੇਤੀਬਾੜੀ ਦੀਆਂ ਸਹਾਇਕ ਸ਼ਾਖਾਵਾਂ ਵਿੱਚ ਨਵੀਨਤਮ ਐਡਵਾਂਸਡ ਵਿਸ਼ਲੇਸ਼ਣਾਤਮਿਕ ਤਕਨੀਕਾਂ ਦੀ ਵਰਤੋਂ ਵਾਲੇ ਨਵੇਂ ਇਨੋਵੇਸ਼ਨ ਹੱਲ ਨਾਲ ਸਟਾਰਟ ਅੱਪ/ਇਨੋਵੇਸ਼ਨ ਸਾਹਮਣੇ ਆਈਆਂ। ਇਸ ਮੁਕਾਬਲੇ ਵਿੱਚ ਕੁੱਲ 15 ਟੀਮਾਂ ਨੇ ਭਾਗ ਲਿਆ ਅਤੇ ਪ੍ਰੈਜੇਂਟੇਸ਼ਨ ਮੋਡ ਦੁਆਰਾ ਆਪਣੀਆਂ ਕਾਢਾਂ ਨੂੰ ਪੇਸ਼ ਕੀਤਾ । ਜਿਸ ਵਿੱਚ ਉਨ੍ਹਾਂ ਨੇ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼, ਮਾਰਕੀਟ ਵਿਸ਼ਲੇਸ਼ਣ ਤੇ ਕਾਰਜ ਯੋਜਨਾ ਰਾਹੀਂ ਆਪਣੀ ਇਨੋਵੇਸ਼ਨ/ਹੱਲ ਦਾ ਸੰਖੇਪ ਵਰਣਨ ਕੀਤਾ ਅਤੇ ਇਸ ਦੀ ਵਿੱਤੀ ਵਿਹਾਰਕਤਾ ਅਤੇ ਸੰਭਾਵਨਾ ਨੂੰ ਵੀ ਦਰਸਾਇਆ।
ਇਸ ਮੁਕਾਬਲੇ ਲਈ ਮਿਲੇ ਭਰਵੇਂ ਹੁੰਗਾਰੇ ਸਦਕਾ 120 ਤੋਂ ਵੀ ਵੱਧ ਟੀਮਾਂ ਰਜਿਸਟਰਡ ਹੋਈਆਂ। ਜਿਨ੍ਹਾਂ ਵਿੱਚੋਂ ਮਾਹਿਰਾਂ ਨੇ ਸਕਰੀਨਿੰਗ ਦੇ ਪਹਿਲੇ ਪੜਾਅ ਵਿੱਚ ਬਿਹਤਰ 25 ਇਨੋਵੇਸ਼ਨਾਂ ਨੂੰ ਸ਼ਾਰਟ ਲਿਸਟ ਕੀਤਾ। ਦੂਜੇ ਗੇੜ ਦੇ ਜੱਜਾਂ ਵਿੱਚ ਸ਼ਾਮਲ ਡਾ. ਪੀ. ਕੇ. ਯਾਦਵ, ਪ੍ਰੋਫੈਸਰ, ਨਿਫਟਮ, ਬਠਿੰਡਾ, ਸ. ਸਵਰਨ ਪਾਲ ਸਿੰਘ, ਸੰਸਥਾਪਕ, ਹਮਾਰਾ ਫਾਰਮਜ਼, ਸਿਰਸਾ, ਸ੍ਰੀ ਕਰਮਵੀਰ, ਸੰਸਥਾਪਕ, ਵਰਹਾਸ ਟੈਕਨਾਲੋਜੀਜ਼, ਬਠਿੰਡਾ ਅਤੇ ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਵਿਨੀਤ ਚਾਵਲਾ ਨੇ ਸਾਰੀਆਂ ਬਿਜ਼ਨਸ ਇਨੋਵੇਸ਼ਨ ਨੂੰ ਬਹੁਤ ਧਿਆਨ ਨਾਲ ਸੁਣਿਆ। ਇਸ ਮੁਕਾਬਲੇ ਵਿੱਚ ਟੀਮ ਮਾਈਕਰੋ ਕਾਕਟੇਲ ਨੇ 25,000/- ਰੁਪਏ ਦਾ ਪਹਿਲਾ ਇਨਾਮ ਅਤੇ ਟੀਮ ਸੰਕਲਪ ਨੇ 15,000/- ਰੁਪਏ ਦਾ ਦੂਜਾ ਇਨਾਮ ਜਿੱਤਿਆ ਜਦੋਂ ਕਿ ਰੇਨ ਵੇਸਟ ਹਾਰਵੈਸਟਿੰਗ ਟੀਮ ਨੇ 10,000/- ਰੁਪਏ ਦਾ ਤੀਜਾ ਇਨਾਮ ਜਿੱਤਿਆ।
ਇਨਾਮ ਵੰਡ ਅਤੇ ਸਮਾਪਤੀ ਸਮਾਰੋਹ ਦੌਰਾਨ ਪੰਜਾਬ ਸਟਾਰਟ ਅੱਪ ਦੇ ਜਾਇੰਟ ਸਕੱਤਰ ਸ੍ਰੀ ਦੀਪਇੰਦਰ ਢਿੱਲੋਂ ਨੇ ਕਿਹਾ ਕਿ ਸਟੇਟ ਸਟਾਰਟ ਅੱਪ ਨੋਡਲ ਅਫ਼ਸਰ ਸ੍ਰੀ ਸੀ. ਸਿਬਿਨ (ਆਈ.ਏ.ਐਸ.) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਟਾਰਟ ਅੱਪ ਪੰਜਾਬ ਵੱਲੋਂ ਪੰਜਾਬ ਵਿੱਚ ਸਟਾਰਟ ਅੱਪ ਈਕੋ ਸਿਸਟਮ ਦੇ ਵਿਕਾਸ ਵਿੱਚ ਸਹਿਯੋਗ ਦੇਣ ਲਈ ਵੱਡੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਅੱਗੇ ਭਰੋਸਾ ਦਿਵਾਇਆ ਕਿ ਸਟਾਰਟ ਅੱਪ ਪੰਜਾਬ ਸੈੱਲ ਵੱਖ-ਵੱਖ ਇਨਕਿਊਬੇਟਰਾਂ ਵੱਲੋਂ ਕੀਤੇ ਗਏ ਅਜਿਹੇ ਉਪਰਾਲਿਆਂ ਦਾ ਸਮਰਥਨ ਕਰਨ ਲਈ ਹਮੇਸ਼ਾ ਤਤਪਰ ਹੈ। ਸ੍ਰੀ ਢਿੱਲੋਂ ਨੇ ਸਟਾਰਟ ਅੱਪ ਪੰਜਾਬ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਨੂੰ ਵੀ ਸਾਂਝਾਂ ਕੀਤਾ ਅਤੇ ਕਿਹਾ ਕਿ ਪੰਜਾਬ ਨੂੰ ਖੇਤੀ ਸੈਕਟਰ ਵਿੱਚ /ਡਾਟਾ ਵਿਸ਼ਲੇਸ਼ਣ ਆਦਿ ਵਰਗੀਆਂ ਉੱਭਰਦੀਆਂ ਤਕਨੀਕਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ।
ਡਾ. ਮਨੀਸ਼ ਗੁਪਤਾ, ਡੀਨ (ਆਰ ਐਂਡ ਆਈ.), ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ, ਬੀ.ਐਫ.ਜੀ.ਆਈ. ਨੇ ਐਗਰੀ ਇਨੋਵੇਸ਼ਨ ਮੁਕਾਬਲੇ ਦੀ ਸੰਭਾਵਨਾ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਈਵੈਂਟ ਵਿੱਚ ਭਵਿੱਖ ਦੇ ਬਹੁਤ ਸਾਰੇ ਬਿਜ਼ਨਸ ਲੀਡਰਾਂ ਨੂੰ ਭਾਗ ਲੈਂਦੇ ਦੇਖ ਕੇ ਮਾਣ ਮਹਿਸੂਸ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਅਧੀਨ ਸਟਾਰਟ-ਅੱਪ ਪੰਜਾਬ ਸੈੱਲ ਹਮੇਸ਼ਾ ਦੀ ਤਰ੍ਹਾਂ ਆਪਣਾ ਸਮਰਥਨ ਦੇਣ ਲਈ ਅੱਗੇ ਆਇਆ ਹੈ। ਸਟਾਰਟ-ਅੱਪ ਪੰਜਾਬ ਸੈੱਲ ਨਾ ਸਿਰਫ਼ ਇਸ ਗਤੀਵਿਧੀ ਦਾ ਸਮਰਥਨ ਕਰ ਰਿਹਾ ਹੈ ਸਗੋਂ ਸਾਡੇ ਉੱਦਮੀ ਸੈੱਲ ਨੂੰ ਸਮੇਂ-ਸਮੇਂ ‘ਤੇ ਮਾਰਗ ਦਰਸ਼ਨ ਵੀ ਪ੍ਰਦਾਨ ਕਰ ਰਿਹਾ ਹੈ । ਉਨ੍ਹਾਂ ਨੇ ਅੱਗੇ ਭਾਗੀਦਾਰਾਂ ਨੂੰ ਆਧੁਨਿਕ ਤਕਨੀਕੀ ਵਿਸ਼ਲੇਸ਼ਣਾਤਮਿਕ ਤਕਨੀਕਾਂ ਦੀ ਵਰਤੋਂ ਵਾਲੇ ਨਵੀਨਤਮ ਹੱਲ ਨਾਲ ਅੱਗੇ ਆਉਣ ਲਈ ਕਿਹਾ ਤਾਂ ਜੋ ਆਧੁਨਿਕ ਟੈਕਨਾਲੋਜੀ ਦੁਆਰਾ ਸੰਚਾਲਿਤ ਖੇਤੀਬਾੜੀ ਘੱਟ ਰਿਸੋਰਸ ਦੀ ਵਰਤੋਂ ਦੇ ਨਾਲ ਵਧੇਰੇ ਉਤਪਾਦਨ ਦੇ ਸਕੇ। ਉਨ੍ਹਾਂ ਉਮੀਦ ਜਤਾਈ ਕਿ ਜੇਤੂ ਟੀਮਾਂ ਆਪਣੀ ਇਨੋਵੇਸ਼ਨ ਨਾਲ ਸਮਾਜ ਵਿੱਚ ਯੋਗ ਦਾਨ ਪਾਉਣਗੀਆਂ। ਅੰਤ ਵਿੱਚ ਡਾ: ਮਨੀਸ਼ ਗੁਪਤਾ ਨੇ ਸਾਰਿਆਂ ਲਈ ਧੰਨਵਾਦੀ ਸ਼ਬਦ ਕਹੇ ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ: ਗੁਰਮੀਤ ਸਿੰਘ ਧਾਲੀਵਾਲ ਨੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਜਿਹੇ ਸਮਾਗਮਾਂ ਲਈ ਸੰਸਥਾ ਵੱਲੋਂ ਹਰ ਤਰ੍ਹਾਂ ਦੀ ਮਦਦ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੇ ਤਹਿਤ ਬਾਬਾ ਫ਼ਰੀਦ ਇਨਕਿਊਬੇਸ਼ਨ ਸੈਂਟਰ ਵੱਲੋਂ ਸਾਰੀਆਂ ਟੀਮਾਂ ਨੂੰ ਬਿਜ਼ਨਸ ਗਾਈਡੈਂਸ, ਫ਼ੰਡਿੰਗ, ਆਈ.ਪੀ.ਆਰ ਅਤੇ ਕਸਟਮਾਈਜ਼ਡ ਹੈਂਡ ਹੋਲਡਿੰਗ ਆਦਿ ਦੇ ਮਾਮਲੇ ਵਿੱਚ ਹਰ ਮਦਦ ਦੇਣ ਦਾ ਯਕੀਨ ਦਿਵਾਇਆ।
ਬਾਬਾ ਫ਼ਰੀਦ ਸਕੂਲ ਨੇ ਐਗਰੀ ਇਨੋਵੇਸ਼ਨ ਮੁਕਾਬਲਾ-2021 ਕਰਵਾਇਆ
14 Views