ਮੁੱਖ ਮੰਤਰੀ ਨੇ ਫਾਜਿ਼ਲਕਾ ਵਿਖੇ ਮੈਡੀਕਲ ਕਾਲਜ ਬਣਾਉਣ ਦਾ ਐਲਾਨ
ਫਾਜਿ਼ਲਕਾ ਦੇ ਸਿਵਲ ਹਸਪਤਾਲ ਅਤੇ ਨਵੇਂ ਬੱਸ ਅੱਡੇ ਦਾ ਕੀਤਾ ਉਦਘਾਟਨ
ਬਾਹਰੋਂ ਆ ਕੇ ਪੰਜਾਬੀਆਂ ਨੂੰ ਝੂਠੇ ਸਬਜਬਾਗ ਵਿਖਾਉਣ ਵਾਲੇ ਅਸਲ ਵਿਚ ਦਿਲ ਦੇ ਕਾਲੇ ਬਹਿਰੁਪੀਏ
ਸੁਖਜਿੰਦਰ ਮਾਨ
ਫਾਜਿ਼ਲਕਾ, 7 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੂੰ ਕਰੜੇ ਹੱਥੀ ਲੈਂਦਿਆਂ ਆਖਿਆ ਹੈ ਕਿ ਬਾਦਲ ਪਰਿਵਾਰ ਨੇ ਰਾਜ ਵਿਚ ਮਾਫੀਆਂ ਰਾਜ ਪੈਦਾ ਕੀਤਾ ਸੀ ਜਿਸ ਨੇ ਹਰ ਹਰਬਾ ਵਰਤ ਕੇ ਲੋਕਾਂ ਤੇ ਸਰਕਾਰੀ ਸੌਮਿਆਂ ਨੂੰ ਲੁੱਟਿਆ ਅਤੇ ਬਾਅਦ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਸਮੇਂ ਵੀ ਬਾਦਲ ਪਰਿਵਾਰ ਦੀ ਇਹ ਮਿਲੀਭੁਗਤ ਜਾਰੀ ਰਹੀ, ਪਰ ਹੁਣ ਲੋਕਾਂ ਦੀ ਸਰਕਾਰ ਕਾਇਮ ਹੋਈ ਹੈ ਅਤੇ ਹਰ ਪ੍ਰਕਾਰ ਦੇ ਮਾਫੀਏ ਦਾ ਖਾਤਮਾ ਕੀਤਾ ਜਾ ਰਿਹਾ ਹੈ।ਇਸਦੇ ਨਾਲ ਹੀ ਕੇਜਰੀਵਾਲ ਅਤੇ ਬਾਹਰਲੇ ਸੂਬਿਆਂ ਤੋਂ ਆਈ ਉਨ੍ਹਾਂ ਦੀ ਟੋਲੀ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇੰਨ੍ਹਾਂ ਵੱਲੋਂ ਦਿੱਲੀ ਵਿਚ ਤਾਂ ਲੋਕਾਂ ਦੀ ਭਲਾਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਪਰ ਦਿਲ ਦੇ ਕਾਲੇ ਕੇਜਰੀਵਾਲ ਵੱਲੋਂ ਇੱਥੇ ਆ ਕੇ ਲੋਕਾਂ ਨੂੰ ਝੂਠੇ ਸਬਜਬਾਗ ਵਿਖਾ ਕੇ ਗੁੰਮਰਾਹ ਕਰਨ ਦੀ ਕੋਸਿ਼ਸ ਕੀਤੀ ਜਾ ਰਹੀ ਹੈ।ਪਰ ਪੰਜਾਬ ਦੇ ਸੂਝਵਾਨ ਲੋਕਾਂ ਇੰਨ੍ਹਾਂ ਦਾ ਭਰਮਾਊ ਪ੍ਰਚਾਰ ਤੋਂ ਪ੍ਰਭਾਵਿਤ ਨਹੀਂ ਹੋਣਗੇ ਅਤੇ ਪੰਜਾਬ ਦੀ ਵਾਗਡੋਰ ਪੰਜਾਬ ਦੇ ਲੋਕਾਂ ਦੇ ਹੱਥ ਵਿਚ ਹੀ ਰੱਖਣਗੇ।ਅੱਜ ਇੱਥੇ ਬਹੁਮੰਤਵੀ ਖੇਡ ਸਟੇਡੀਅਮ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਸਰਹੱਦੀ ਜਿ਼ਲ੍ਹੇ ਫਾਜਿ਼ਲਕਾ ਵਿਚ ਸਿਹਤ ਸਹੁਲਤਾਂ ਅਤੇ ਮੈਡੀਕਲ ਪੜਾਈ ਦੀ ਸੁਵਿਧਾ ਰਾਜ ਦੇ ਦੂਰ ਦਰਾਜ ਦੇ ਲੋਕਾਂ ਤੱਕ ਪਹੁੰਚਾਉਣ ਲਈ ਇੱਥੇ ਮੈਡੀਕਲ ਕਾਲਜ ਖੋਲਣ ਦਾ ਐਲਾਨ ਕੀਤਾ।ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਹੈ ਕਿ ਗਰੀਬ ਤੇ ਮੱਧਵਰਗੀ ਲੋਕਾਂ ਨੂੰ ਵੀ ਸਿਹਤ ਅਤੇ ਸਿੱਖਿਆ ਵਰਗੀਆਂ ਬਰਾਬਰ ਦੀਆਂ ਸਹੁਲਤਾਂ ਮੁਹਈਆ ਕਰਵਾਈਆਂ ਜਾਣ। ਇਸ ਲਈ ਉਨ੍ਹਾਂ ਨੇ ਫਾਜਿ਼ਲਕਾ ਵਿਚ ਮੈਡੀਕਲ ਕਾਲਜ ਬਣਾਉਣ ਦੇ ਨਾਲ ਨਾਲ ਇੱਥੋਂ ਦੇ ਸਰਕਾਰੀ ਕਾਲਜ ਵਿਚ ਪੋਸਟ ਗ੍ਰੈਜ਼ੁਏਟ ਪੱਧਰ ਦੇ ਨਵੇਂ ਕਿੱਤਾਮੁੱਖੀ ਕੋਰਸ ਸ਼ੁਰੂ ਕਰਨ ਦਾ ਐਲਾਣ ਵੀ ਕੀਤਾ।ਇਸ ਮੌਕੇ ਮੁੱਖ ਮੰਤਰੀ ਨੇ ਫਾਜਿ਼ਲਕਾ ਦੀਆਂ ਤਿੰਨ ਇਤਿਹਾਸਕ ਥਾਂਵਾਂ ਦੀ ਪੂਰਾਤੱਤਵ ਵਿਭਾਗ ਰਾਹੀਂ ਸੰਭਾਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੰਬੰੰਧਤ ਵਿਭਾਗ ਦੀ ਕਮੇਟੀ ਇੰਨ੍ਹਾਂ ਇਤਿਹਾਸਕ ਥਾਂਵਾਂ ਦਾ ਦੌਰਾ ਕਰਕੇ ਇੰਨ੍ਹਾਂ ਨੂੰ ਸੰਭਾਲ ਲਈ ਨੀਤੀ ਤਿਆਰ ਕਰੇਗੀ।ਮੁੱਖ ਮੰਤਰੀ ਨੇ ਸਰਹੱਦੀ ਕਿਸਾਨਾਂ ਦੇ ਜਮੀਨਾਂ ਦੇ ਮਾਲਕੀ ਹੱਕ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇੰਨ੍ਹਾਂ ਕਿਸਾਨਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਜਮੀਨ ਦੇ ਮਾਲਕੀ ਹੱਕ ਦੇਵੇਗੀ ਜਿੰਨ੍ਹਾਂ ਨੇ ਜਮੀਨ ਦੀ ਕੀਮਤ ਅਦਾ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਤਾਰ ਪਾਰਲੇ ਕਿਸਾਨਾਂ ਨੂੰ ਮੁਆਵਜੇ ਦਾ ਮੁੱਦਾ ਵੀ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ ਅਤੇ ਕੁਦਰਤੀ ਆਫ਼਼ਤਾਂ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਵੀ ਜਲਦ ਅਦਾ ਕਰ ਦਿੱਤਾ ਜਾਵੇਗਾ।ਇਸ ਤੋਂ ਪਹਿਲਾਂ ਉਨ੍ਹਾਂ ਫਾਜਿ਼ਲਕਾ ਵਿਖੇ 20.72 ਕਰੋੜ ਰੁਪਏ ਦੀ ਲਾਗਤ ਨਾਲ ਬਣੇ 100 ਬੈਡ ਦੇ ਜਿ਼ਲ੍ਹਾ ਹਸਪਤਾਲ ਅਤੇ 5 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸ਼ਹੀਦ ਊਧਮ ਸਿੰਘ ਬੱਸ ਟਰਮੀਨਲ ਦਾ ਉਦਘਾਟਨ ਕੀਤਾ।ਇਸ ਤੋਂ ਪਹਿਲਾਂ ਹਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਬੋਲਦਿਆਂ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਆਖਦਿਆਂ ਇਲਾਕੇ ਦੀਆਂ ਮੰਗਾਂ ਉਨ੍ਹਾਂ ਦੇ ਸਾਹਮਣੇ ਰੱਖੀਆ।ਇਸ ਮੌਕੇ ਸਾਬਕਾਂ ਸਾਂਸਦ ਮੋਹਨ ਸਿੰਘ ਫਲੀਆਂਵਾਲਾ, ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਸੁਰਿੰਦਰ ਸਚਦੇਵਾ, ਗੁਰਜੰਟ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਬੱਲੂਆਣਾ ਦੇ ਵਿਧਾਇਕ ਸ੍ਰੀ ਨੱਥੂ ਰਾਮ, ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਮਲਾ, ਸੰਦੀਪ ਜਾਖੜ, ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ, ਐਸਐਸਪੀ ਹਰਮਨਬੀਰ ਸਿੰਘ ਗਿੱਲ ਵੀ ਹਾਜਰ ਸਨ।
Share the post "ਬਾਦਲਾਂ ਨੇ ਪੰਜਾਬ ਵਿਚ ਮਾਫੀਆ ਰਾਜ ਪੈਦਾ ਕੀਤਾਅ ਤੇ ਕੈਪਟਨ ਨਾਲ ਮਿਲੀਭੁਗਤ ਨਾਲ ਜਾਰੀ ਰੱਖਿਆ-ਚਰਨਜੀਤ ਸਿੰਘ ਚੰਨੀ"