ਸੁਖਜਿੰਦਰ ਮਾਨ
ਚੰਡੀਗੜ੍ਹ,22 ਦਸੰਬਰ: ਦੋ ਦਿਨ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ’ਚ ਕੇਸ ਦਰਜ਼ ਹੋਣ ਤੋਂ ਬਾਅਦ ਰੂਪੋਸ਼ ਚੱਲ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁਧ ਹੁਣ ਲੁਕ ਆਉਟ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਸਿਫ਼ਾਰਿਸ਼ ’ਤੇ ਗ੍ਰਹਿ ਮੰਤਰਾਲੇ ਜਾਰੀ ਇਸ ਲੁਕ ਆਉਟ ਨੋਟਿਸ ਮੁਤਾਬਕ ਮਜੀਠੀਆ ਦੇ ਵਿਦੇਸ਼ ਭੱਜਣ ਦਾ ਖਦਸ਼ਾ ਪ੍ਰਗਟਾਇਆ ਹੈ। ਉਜ ਪੰਜਾਬ ਪੁਲਿਸ ਦੀਆਂ ਅੱਧੀ ਦਰਜ਼ਨ ਦੇ ਕਰੀਬ ਟੀਮਾਂ ਵਲੋਂ ਸਾਬਕਾ ਮੰਤਰੀ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਜਾਰੀ ਹੈ। ਪ੍ਰੰਤੂ ਹਾਲੇ ਤੱਕ ਉਹ ਗਾਇਬ ਹਨ। ਚਰਚਾ ਮੁਤਾਬਕ ਪੰਜਾਬ ਸਰਕਾਰ ਹਰ ਹਾਲਾਤ ਵਿਚ ਮਜੀਠਿਆ ਨੂੰ ਗਿ੍ਰਫਤਾਰ ਕਰਨਾ ਚਾਹੁੰਦੀ ਹੈ ਤਾਂ ਕਿ ਆਗਾਮੀ ਚੋਣਾਂ ਵਿਚ ਨਸ਼ਿਆਂ ਦੇ ਮੁੱਦੇ ’ਤੇ ਠੋਸ ਕਾਰਵਾਈ ਹੋਣ ਦਾ ਦਾਅਵਾ ਕੀਤਾ ਜਾ ਸਕੇ। ਉਧਰ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਮਾਮਲੇ ਵਿਚ ਕਾਨੂੰਨੀ ਰਾਏ ਲਈ ਜਾ ਰਹੀ ਹੈ। ਸੂਤਰਾਂ ਮੁਤਾਬਕ ਜਮਾਨਤ ਅਰਜ਼ੀ ਲਗਾਉਣ ਦੀਆਂ ਵਿਚਾਰਾਂ ਹੋ ਰਹੀਆਂ ਹਨ। ਗੌਰਤਲਬ ਹੈ ਕਿ ਬਿਕਰਮ ਮਜੀਠੀਆ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਦਰਜ਼ ਮਾਮਲੇ ਤੋਂ ਬਾਅਦ ਪੰਜਾਬ ਪੁਲਿਸ ਤੁਰੰਤ ਗਿ੍ਰਫਤਾਰੀ ਲਈ ਮਜੀਠਿਆ ਦੇ ਸਰਕਾਰੀ ਫਲੈਟ ’ਤੇ ਗਈ ਸੀ, ਜਿਥੇ ਉਨ੍ਹਾਂ ਦੇ ਮੋਬਾਇਲ ਦੀ ਲੋਕੇਸ਼ਨ ਆ ਰਹੀ ਸੀ ਪ੍ਰੰਤੂ ਉਥੋਂ ਪੁਲਿਸ ਟੀਮ ਨੂੰ ਸਿਰਫ਼ ਮੋਬਾਇਲ ਮਿਲਿਆ ਸੀ ਪ੍ਰੰਤੂ ਮਜੀਠਿਆ ਨਹੀਂ। ਇਸ ਮਾਮਲੇ ਵਿਚ ਕੇਸ ਦਰਜ਼ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਲਈ ਤਿੰਨ ਮੈਂਬਰੀ ਐੱਸਆਈਟੀ ਦਾ ਗਠਨ ਕੀਤਾ ਹੈ, ਜਿਸ ਵਿਚ ਏਆਈਜੀ ਬਲਰਾਜ ਸਿੰਘ, ਡੀਐਸਪੀ ਰਾਜੇਸ ਕੁਮਾਰ ਅਤੇ ਡੀਐਸਪੀ ਕੁਲਵੰਤ ਸਿੰਘ ਨੂੰ ਵਿਸੇਸ ਜਾਂਚ ਟੀਮ (ਐਸਆਈਟੀ) ਵਿੱਚ ਸਾਮਲ ਕੀਤਾ ਗਿਆ ਹੈ।
ਬਿਕਰਮ ਮਜੀਠਿਆ ਵਿਰੁਧ ਲੁਕ ਆਉਟ ਨੋਟਿਸ ਜਾਰੀ
21 Views