ਸੁਖਜਿੰਦਰ ਮਾਨ
ਬਠਿੰਡਾ, 25 ਦਸੰਬਰ: ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਦੇ ਮੁਆਵਜੇ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਹੋਰ ਮੰਗਾਂ ਦੀ ਪੂਰਤੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸਥਾਨਕ ਮਿੰਨੀ ਸੈਕਟਰੀਏਟ ਅੱਗੇ ਚੱਲ ਰਿਹਾ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨ ਆਗੂਆਂ ਦੇ ਵਫ਼ਦ ਦੀ ਮੀਟਿੰਗ ਤਹਿਸੀਲਦਾਰ ਨਾਲ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਕਿਸਾਨਾਂ ਨੂੰ ਨਰਮੇ ਦਾ ਮੁਆਵਜ਼ਾ ਵੰਡਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਤਰਫ਼ੋਂ ਹੁਣ ਤੱਕ ਡਿਪਟੀ ਕਮਿਸ਼ਨਰ ਬਠਿੰਡਾ ਦੇ ਖਾਤੇ ਵਿੱਚ ਨਰਮੇ ਦੇ ਮੁਆਵਜ਼ੇ ਦੀ ਕੁੱਲ ਰਾਸ਼ੀ 226 ਕਰੋੜ 15 ਲੱਖ 23 ਹਜਾਰ 700 ਰੁਪਏ ਆ ਚੁੱਕੀ ਹੈ । ਜਿਸ ਵਿਚੋਂ ਅੱਠ ਪਿੰਡਾਂ ਦੇ 382 ਕਿਸਾਨਾਂ ਦੇ ਖਾਤਿਆਂ ਵਿੱਚ 92 ਲੱਖ 92 ਹਜਾਰ 341 ਰੁਪਏ ਭੇਜੇ ਜਾ ਚੁੱਕੇ ਹਨ । ਇਸੇ ਤਰ੍ਹਾਂ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜੇ ਦਾ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਖਾਤੇ ਵਿੱਚ ਸਰਕਾਰ ਤਰਫੋਂ 22 ਕਰੋੜ 61 ਲੱਖ 52 ਹਜਾਰ 300 ਰੁਪਏ ਆ ਚੁੱਕੇ ਹਨ । ਅੱਜ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਆਗੂ ਸਿੰਗਾਰਾ ਸਿੰਘ ਮਾਨ, ਜਗਸੀਰ ਸਿੰਘ ਝੁੰਬਾ ਅਤੇ ਔਰਤ ਜੱਥੇਬੰਦੀ ਦੇ ਆਗੂ ਪਰਮਜੀਤ ਕੌਰ ਕੌਟੜਾ ਨੇ ਐਲਾਨ ਕੀਤਾ ਕਿ ਸਰਕਾਰ ਵਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਇਹ ਧਰਨਾ 30 ਦਸੰਬਰ ਤੱਕ ਮੋਰਚਾ ਜਾਰੀ ਰਹੇਗਾ।ਇਸ ਮੌਕੇ ਅਮਰੀਕ ਸਿੰਘ ਸਿਵੀਆਂ ,ਬਲਜੀਤ ਸਿੰਘ ਪੂਹਲਾ, ਰਣਧੀਰ ਸਿੰਘ ਮਲੂਕਾ ,ਗੁਰਸੇਵਕ ਸਿੰਘ ਬਾਂਡੀ ,ਹਰਮਨ ਸਿੰਘ ਸਤਰਾਂ, ਸਿਕੰਦਰ ਸਿੰਘ ਘੁੰਮਣ ਨੇ ਵੀ ਸੰਬੋਧਨ ਕੀਤਾ । ਲੋਕ ਪੱਖੀ ਗਾਇਕ ਨਿਰਮਲ ਸਿੰਘ ਸਿਵੀਆਂ , ਹਰਬੰਸ ਕਣੀਆਂ ,ਰਾਮ ਨਿਰਮਾਣ ਚੁੱਘੇ ਕਲਾਂ ਅਤੇ ਬੀਰਜੀਤ ਕੌਰ ਜੀਵਨ ਸਿੰਘ ਵਾਲਾ ਨੇ ਕਿਸਾਨ ਅਤੇ ਲੋਕ ਪੱਖੀ ਗੀਤ ਪੇਸ਼ ਕੀਤੇ।
ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕਿਸਾਨਾਂ ਦਾ ਧਰਨਾ ਛੇਵੇਂ ਦਿਨ ਵੀ ਰਿਹਾ ਜਾਰੀ
27 Views