Punjabi Khabarsaar
ਮੋਗਾ

ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਵਾਲੀ ਮਹਿਲਾ ਐਸਐਚਓ ਤੇ ਮੁਨਸ਼ੀਆਂ ਸਹਿਤ ਪੰਜ ਵਿਰੁੱਧ ਪਰਚਾ ਦਰਜ

5 ਲੱਖ ਰੁਪਏ ਲੈ ਕੇ ਦੋ ਨਸ਼ਾ ਤਸਕਰਾਂ ਨੂੰ ਛੱਡਣ ਦੇ ਲੱਗੇ ਸਨ ਆਰੋਪ
ਮੋਗਾ, 23 ਅਕਤੂਬਰ: ਪੰਜਾਬ ਪੁਲਿਸ ਨੇ ਬੁਧਵਾਰ ਸ਼ਾਮ ਇੱਕ ਵੱਡੀ ਕਾਰਵਾਈ ਕਰਦਿਆਂ ਆਪਣੀ ਹੀ ਇੱਕ ਮਹਿਲਾ ਐਸਐਚਓ ਅਤੇ ਦੋ ਮੁਨਸੀਆਂ ਵਿਰੁੱਧ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਇਸ ਕੇਸ ਵਿੱਚ ਛੱਡੇ ਗਏ ਦੋਨਾਂ ਨਸ਼ਾ ਤਸਕਰਾਂ ਨੂੰ ਵੀ ਬਤੌਰ ਮੁਲਜ਼ਮ ਨਾਮਜਦ ਕੀਤਾ ਗਿਆ। ਇਹ ਕਾਰਵਾਈ ਜਿਲੇ ਦੇ ਥਾਣਾ ਕੋਟ ਈਸੇ ਖਾਂ ਵਿਖੇ ਤੈਨਾਤ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਤੋਂ ਇਲਾਵਾ ਥਾਣੇ ਦੇ ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ ਅਤੇ ਥਾਣੇ ਅਧੀਨ ਆਉਂਦੀ ਇੱਕ ਪੁਲਿਸ ਚੌਂਕੀ ਦੇ ਮੁਨਸ਼ੀ ਰਾਜਪਾਲ ਸਿੰਘ ਤੋਂ ਇਲਾਵਾ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਕਾਬੂ ਕੀਤੇ ਗਏ ਦੋਨਾਂ ਮੁਲਜ਼ਮਾਂ ਵਿਰੁੱਧ ਕੀਤੀ ਗਈ ਹੈ।
ਸੂਚਨਾ ਮੁਤਾਬਕ ਕੋਟ ਈਸੇ ਖਾਂ ਦੀ ਪੁਲਿਸ ਨੇ ਐਸ ਐਚ ਓ ਅਰਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਲੰਘੀ 1 ਅਕਤੂਬਰ ਨੂੰ ਅਮਰਜੀਤ ਸਿੰਘ ਉਰਫ਼ ਸੋਨੂ ਨਾਂ ਦੇ ਇੱਕ ਕਥਿਤ ਨਸ਼ਾ ਤਸਕਰ ਵਿਰੁੱਧ ਦੋ ਕਿਲੋ ਅਫੀਮ ਬਰਾਮਦਗੀ ਦਾ ਪਰਚਾ ਦਰਜ ਕੀਤਾ ਗਿਆ ਸੀ। ਪ੍ਰੰਤੂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰ ਅਮਰਜੀਤ ਸਿੰਘ ਉਰਫ਼ ਸੋਨੂ ਉਸ ਸਮੇਂ ਇਕੱਲਾ ਨਹੀਂ ਸੀ ਬਲਕਿ ਉਸਦੇ ਭਰਾ ਮਨਪ੍ਰੀਤ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਸੀ, ਜਿਨਾਂ ਦੇ ਕੋਲ ਕੋਲੋਂ ਤਿੰਨ ਕਿਲੋ ਅਫੀਮ ਬਰਾਮਦ ਹੋਈ ਸੀ।
ਪ੍ਰੰਤੂ ਥਾਣਾ ਮੁਖੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਇੱਕ ਪ੍ਰਾਈਵੇਟ ਵਿਅਕਤੀ ਦੇ ਰਾਹੀਂ ਥਾਣੇ ਦੇ ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ ਅਤੇ ਪੁਲਿਸ ਚੌਂਕੀ ਬਖਲੰਡੀ ਦੇ ਮੁਨਸ਼ੀ ਰਾਜਪਾਲ ਸਿੰਘ ਨਾਲ ਮਿਲੀ ਭੁਗਤ ਕਰਕੇ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਛੱਡ ਦਿੱਤਾ ਸੀ ਅਤੇ ਇਸ ਦੇ ਬਦਲੇ 5 ਲੱਖ ਰੁਪਏ ਹਾਸਿਲ ਕੀਤੇ ਸਨ। ਇਸ ਸੂਚਨਾ ਦੀ ਕੀਤੀ ਗਈ ਪੜਤਾਲ ਦੌਰਾਨ ਸਾਰੇ ਤੱਥ ਸਹੀ ਪਾਏ ਗਏ,  ਜਿਸ ਤੋਂ ਬਾਅਦ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਐਸਐਚ ਓ ਕੋਟ ਈਸੇ ਖਾਂ ਅਤੇ ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ ਤੇ ਬਖਲੰਡੀ ਪੁਲਿਸ ਚੌਂਕੀ ਦੇ ਮੁਨਸ਼ੀ ਰਾਜਪਾਲ ਸਿੰਘ ਵਿਰੁੱਧ ਭਰਿਸ਼ਟਾਚਾਰ ਰੋਕੂ ਐਕਟ ਅਤੇ ਛੱਡੇ ਗਏ ਨਸ਼ਾ ਤਸਕਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਵੀ 18/61/85 ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

Related posts

ਮੁੱਖ ਮੰਤਰੀ ਚੰਨੀ ਨੇ ਮੋਗਾ ਨੇੜੇ ਪਿੰਡ ਚੰਦ ਪੁਰਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਬਿਤਾਈ

punjabusernewssite

ਜਿੰਦਗੀ ਵਿੱਚ ਖੁਸ਼ੀਆਂ ਤੇ ਤਰੱਕੀ ਲਈ ਪਰਿਵਾਰ ਨਿਯੋਜਨ ਜਰੂਰੀ : ਡਾ. ਸੁਰਿੰਦਰ ਸਿੰਘ ਝੱਮਟ

punjabusernewssite

ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਵੱਲੋਂ ਬਰਨਾਲਾ ਦੀ ਉੱਪ ਚੋਣ ਲੜਣ ਦਾ ਐਲਾਨ

punjabusernewssite