ਬਠਿੰਡਾ, 19 ਜੂਨ: ਜਿਲ੍ਹਾ ਪੁਲਿਸ ਵੱਲੋਂਂ ਮਾੜੇ ਅਨਸਰਾਂ ਅਤੇ ਨਸ਼ਿਆ ਦੀ ਤਸਕਰੀ ਵਿਰੁਧ ਵਿੱਢੀ ਗਈ ਮੁਹਿੰਮ ਤਹਿਤ ਮੰਗਲਵਾਰ ਨੂੰ ਸੀ.ਆਈ.ਏ. ਸਟਾਫ-2 ਬਠਿੰਡਾ ਵੱਲੋਂ ਇੱਕ ਵੱਡੀ ਨਸ਼ਾ ਤਸਕਰੀ ਦਾ ਪਰਦਾਫ਼ਾਸ ਕਰਦਿਆਂ ਟਰੈਕਟਰ-ਟਰਾਲੀ ਵਿਚ ਪੰਜ ਕੁਇੰਟਲ ਭੁੱਕੀ ਲੈ ਕੇ ਜਾ ਰਹੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਦੀਪਕ ਪਾਰੀਕ ਨੇ ਦਸਿਆ ਕਿ ਸੀਆਈਏ-2 ਦੀ ਟੀਮ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਦੌਰਾਨੇ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮੇਨ ਰੋਡ ਬਠਿੰਡਾ ਬਾਜਖਾਨਾ ਨੇੜੇ ਇੱਕ ਵਿਅਕਤੀ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਉਸਦੇ ਟਰੈਕਟਰ ਟਰਾਲੀ ਦੀ ਚੈਕਿੰਗ ਕੀਤੀ ਗਈ।
ਪੰਜਾਬ ਪੁਲਿਸ ਨੇ ਐਸ.ਬੀ.ਐਸ.ਨਗਰ ਵਿੱਚ ਨਸ਼ਿਆਂ ਵਿਰੁੱਧ ਸਾਈਕਲ ਰੈਲੀ ਕੱਢੀ
ਇਸ ਚੈਕਿੰਗ ਦੌਰਾਨ ਟਰਾਲੀ ਵਿੱਚੋਂ 36 ਗੱਟੇ ਡੋਡੇ ਪੋਸਤ ਬਰਾਮਦ ਕੀਤੇ ਗਏ, ਜਿਸਦਾ ਕੁੱਲ ਵਜ਼ਨ 5 ਕੁਇੰਟਲ 10 ਸੀ। ਪੁਲਿਸ ਨੇ ਤੁਰੰਤ ਉਕਤ ਵਿਅਕਤੀ ਸਹਿਤ ਪੋਸਤ ਅਤੇ ਟਰੈਕਟਰ ਟਰਾਲੀ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਕੀਪਾ ਵਾਸੀ ਪਿੰਡ ਜੀਦਾ ਦੇ ਤੌਰ ’ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਦੇ ਵਿਰੁਧ ਥਾਣਾ ਨਹਿਆਵਾਲਾ ਵਿਖੇ ਨਸ਼ਾ ਤਸਕਰੀ ਦੇ ਦੋ ਕੇਸ ਅਤੇ ਅਸਲਾ ਐਕਟ ਦਾ ਇੱਕ ਕੇਸ ਬਾਘਾਪੁਰਾਣਾ ਵਿਖੇ ਦਰਜ਼ ਹੈ। ਚੌਥਾ ਕੇਸ ਹੁਣ ਮੁੜ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਥਾਣਾ ਨੇਹੀਆਵਾਲਾ ਜਿਲਾ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ ਹੈ।