ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪ੍ਰਸੰਸਕਾਂ ਦੀ ਉਮੜੀ ਵੱਡੀ ਭੀੜ
ਨਵੀਂ ਦਿੱਲੀ, 17 ਅਗਸਤ: ਪਿਛਲੇ ਦਿਨੀਂ ਸਮਾਪਤ ਹੋਈਆਂ ਪੈਰਿਸ ਓਲੰਪਿਕ ’ਚ ਸਿਰਫ 100 ਗ੍ਰਾਂਮ ਭਾਰ ਕਾਰਨ ਮੈਡਲ ਹਾਸਲ ਕਰਨ ਤੋਂ ਖੁੰਝੀ ਦੇਸ ਦੀ ਨਾਮਵਾਰ ਪਹਿਲਵਾਨ ਵਿਨੇਸ਼ ਫ਼ੋਗਟ ਦਾ ਅੱਜ ਸ਼ਨੀਵਾਰ ਨੂੰ ਦੇਸ ਵਾਪਸੀ ਮੌਕੇ ਸ਼ਾਹੀ ਸਵਾਗਤ ਕੀਤਾ ਗਿਆ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸਟਰੀ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਵਿਨੇਸ਼ ਦੇ ਪ੍ਰਸੰਸਕਾਂ ਦੀ ਵੱਡੀ ਭੀੜ ਉਮੜੀ ਹੋਈ ਸੀ। ਇਸ ਮੌਕੇ ਪਹਿਲਵਾਨ ਵਿਨੇਸ਼ ਵੀ ਕਈ ਵਾਰ ਭਾਵੁਕ ਹੁੰਦੀ ਵਿਖਾਈ ਦਿੱਤੀ। ਉਨ੍ਹਾਂ ਆਪਣੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ, ਜਿੰਨਾਂ ਨੇ ਉਸਦਾ ਜੇਤੂਆਂ ਦੀ ਤਰ੍ਹਾਂ ਸਵਾਗਤ ਕਰਦਿਆਂ ਜਸ਼ਨ ਮਨਾਇਆ।
ਰੇਲ ਗੱਡੀਆਂ ਦੇ ਹਾਦਸੇ ਜਾਰੀ, ਇੱਕ ਹੋਰ ਟਰੇਨ ਪਟੜੀਓ ਉਤਰੀ
ਇਸ ਮੌਕੇ ਵਿਨੇਸ਼ ਦੇ ਸਾਥੀ ਪਹਿਲਵਾਨ ਬਜਰੰਗ ਪੂਨੀਆ, ਸ਼ਾਕਸੀ ਮਲਿਕ ਸਹਿਤ ਦਰਜ਼ਨਾਂ ਪਹਿਲਵਾਨ ਅਤੇ ਰੋਹਤਕ ਤੋਂ ਕਾਂਗਰਸ ਦੇ ਐਮ.ਪੀ ਦਪਿੰਦਰ ਹੁੱਡਾ ਵੀ ਵਿਸ਼ੇਸ ਤੌਰ ‘ਤੇ ਪੁੱਜੇ ਹੋਏ ਸਨ। ਵਿਨੇਸ਼ ਨੂੰ ਵਿਸ਼ੇਸ ਸੁਰੱਖਿਆ ਪਹਿਰੇ ਹੇਠ ਹਵਾਈ ਅੱਡੇ ਤੋਂ ਉਨ੍ਹਾਂ ਦੇ ਜੱਦੀ ਪਿੰਡ ਬਲਾਲੀ (ਜ਼ਿਲ੍ਹਾ ਚਰਖੀ ਦਾਦਰੀ) ਤੱਕ ਲਿਜਾਇਆ ਜਾਵੇਗਾ, ਜਿੱਥੇ ਥਾਂ-ਥਾਂ ‘ਤੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਇਸਤੋਂ ਇਲਾਵਾ ਪਤਾ ਚੱਲਿਆ ਹੈ ਕਿ ਜੱਦੀ ਪਿੰਡ ਦੇ ਖੇਡ ਸਟੇਡੀਅਮ ਵਿੱਚ ਵੀ ਇੱਕ ਵੱਡਾ ਸਵਾਗਤੀ ਪ੍ਰੋਗਰਾਮ ਰੱਖਿਆ ਗਿਆ ਹੈ। ਦਸਣਾ ਬਣਦਾ ਹੈ ਕਿ ਸਿਲਵਰ ਮੈਡਲ ਜੇਤੂ ਵਿਨੇਸ਼ ਨੂੰ ਫ਼ਾਈਨਲ ਮੁਕਾਬਲੇ ਵਿਚ 100 ਗ੍ਰਾਂਮ ਭਾਰ ਵਧਣ ਕਾਰਨ ਆਯੋਗ ਕਰਾਰ ਦੇ ਦਿੱਤਾ ਸੀ। ਜਿਸਦਾ ਪੂਰੇ ਦੇਸ ਨੇ ਰੋਸ਼ ਮਨਾਇਆ ਸੀ।